Latest News: ਡੇਂਗੂ ਰੋਕਥਾਮ ਲਈ ਨਰਸਿੰਗ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਹੈ ਸਿਖਲਾਈ
ਦੋ ਮਹੀਨਿਆਂ ’ਚ 1500 ਵਿਦਿਆਰਥੀਆਂ ਨੂੰ ਦਿਤੀ ਸਿਖਲਾਈ : ਸਿਵਲ ਸਰਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਫ਼ਰਵਰੀ (ਸਤੀਸ਼ ਕੁਮਾਰ ਪੱਪੀ):- ਡੇਂਗੂ ਬੁੁਖ਼ਾਰ ਦੇ ਆਗਾਮੀ ਮੌਸਮ ਦੇ ਸਨਮੁੱਖ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਕਿ ਉਹ ਅੱਗੇ ਜਾਗਰੂਕਤਾ ਦਾ ਹੋਕਾ ਦੇ ਸਕਣ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਜ਼ਿਲ੍ਹਾ ਟੀਮ ਹੁਣ ਤਕ 10 ਕਾਲਜਾਂ/ਯੂਨੀਵਰਸਿਟੀਆਂ ਵਿਚ ਫੇਰੀ ਪਾ ਚੁੱਕੀ ਹੈ ਜਿਨ੍ਹਾਂ ਵਿਚ ਮੁੱਖ ਤੌਰ ਤੇ ਚਿਤਕਾਰਾ, ਰਿਆਤ ਬਾਹਰਾ, ਰਤਨ ਕਾਲਜ, ਸੁਖਮਨੀ ਕਾਲਜ ਆਦਿ ਸ਼ਾਮਲ ਹਨ। ਪਿਛਲੇ ਦੋ ਮਹੀਨਿਆਂ ਅੰਦਰ ਹੁਣ ਤਕ 1500 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿਤੀ ਜਾ ਚੁੱਕੀ ਹੈ। ਸਿਵਲ ਸਰਜਨ ਨੇ ਦਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਮੰਤਵ ਇਹੋ ਹੈ ਕਿ ਉਹ ਡੇਂਗੂ ਵਿਰੋਧੀ ਮੁਹਿੰਮ ਖ਼ਾਸਕਰ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਵਿਚ ਸਿਹਤ ਵਿਭਾਗ ਦਾ ਸਾਥ ਦੇ ਸਕਣ ਅਤੇ ਆਪਣੇ ਪੱਧਰ ’ਤੇ ਵੀ ਅਪਣੇ ਗੁਆਂਢੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਇਸ ਮਾਰੂ ਬੀਮਾਰੀ ਬਾਰੇ ਜਾਗਰੂਕ ਕਰ ਸਕਣ। ਇਹ ਸਿਖਲਾਈ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਵੀ ਹਿੱਸਾ ਹੈ।
ਵਿਦਿਆਰਥੀਆਂ ਨੂੰ ਦਸਿਆ ਜਾ ਰਿਹਾ ਹੈ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ, ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ, ਖ਼ਾਲੀ ਪਏ ਟਾਇਰਾਂ/ਬਕਸਿਆਂ, ਪਾਣੀ ਵਾਲੇ ਢੋਲਾਂ ਆਦਿ ਵਿਚ। ਡੇਂਗੂ ਬੁਖ਼ਾਰ ਤੋਂ ਬਚਾਅ ਦਾ ਇਕੋ-ਇਕ ਤਰੀਕਾ ਹੈ ਕਿ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ ਕਿਉਂਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਭਾਵੇਂ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜ਼ਿਆਦਾ ਹੁੰਦਾ ਹੈ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।