Latest News: ਚੋਰੀ ਦੇ ਝੂਠੇ ਇਲਜ਼ਾਮਾਂ ਹੇਠ ਸਾਊਦੀ ਅਰਬ ਚ ਫਸੇ ਨਰੇਸ਼ ਕੁਮਾਰ ਦੀ ਦੋ ਸਾਲਾਂ ਬਾਅਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਾਪਸੀ
ਸਾਲ 2014 ਦੌਰਾਨ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ ਵਿਦੇਸ਼
ਸੁਲਤਾਨਪੁਰ ਲੋਧੀ/ਕਪੂਰਥਲਾ 29 ਮਾਰਚ (ਵਿਸ਼ਵ ਵਾਰਤਾ):- ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇਨੀ ਮਹਿੰਗੀ ਪੈ ਸਕਦੀ ਹੈ ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ।
ਅਜਿਹਾ ਕੁੱਝ ਹੀ ਸਹਿਣਾ ਪਿਆ ਸਾਊਦੀ ਅਰਬ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਦੇ ਨਰੇਸ਼ ਕੁਮਾਰ ਨੂੰ ਜਦੋਂ ਉਸਨੂੰ ਚਾਰ ਸਾਲਾਂ ਬਾਅਦ ਛੁੱਟੀ ਮੰਗਣ ਤੇ ਚੋਰੀ ਦਾ ਇਲਜ਼ਾਮਾਂ ਹੇਠ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ’ਚ ਝੱਲਣੇ ਪਏ ਮਾਨਸਿਕ ਤਸੀਹੇ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠੜਾ ਦੇ ਨਰੇਸ਼ ਕੁਮਾਰ ਨੇ ਆਪਣੀਆਂ ਦਰਦ ਭਰੀ ਹੱਡਬੀਤੀ ਸੁਣਾਈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆਪਣੀ ਪਤਨੀ ਨਾਲ ਪਹੁੰਚੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਲ 2014 ਵਿੱਚ ਸਾਊਦੀ ਅਰਬ ਗਿਆ ਸੀ। ਉਹ ਤਿੰਨ ਵਾਰ ਤਾਂ ਆਪਣੇ ਪਿੰਡ ਗੇੜਾ ਮਾਰ ਗਿਆ ਸੀ। ਜਦੋਂ ਉਹ 2019 ਵਿੱਚ ਵਾਪਿਸ ਸਾਊਦੀ ਅਰਬ ਗਿਆ ਤਾਂ ਚਾਰ ਸਾਲਾਂ ਬਾਅਦ ਉਸਨੇ ਆਪਣੇ ਪਰਿਵਾਰ ਵਿੱਚ ਜਾਣ ਲਈ ਛੁੱਟੀ ਮੰਗੀ ਤਾਂ ਕੰਪਨੀ ਨੇ ਛੁੱਟੀ ਦੇਣ ਦੀ ਥਾਂ ਤੇ ਚੋਰੀ ਦਾ ਇਲਜ਼ਾਮ ਲਗਾ ਕਿ ਇੱਕ ਬੰਦ ਕਮਰੇ ਵਿੱਚ ਬੰਦੀ ਬਣਾ ਲਿਆ ਗਿਆ।
ਨਰੇਸ਼ ਕੁਮਾਰ ਨੇ ਦੱਸਿਆ ਕਿ ਸਿਰਫ ਦਿਨ ਵਿੱਚ 2 ਵਾਰ ਦਰਵਾਜ਼ਾ ਖੋਹਲ ਰੋਟੀ ਦਿੱਤੀ ਜਾਂਦੀ ਸੀ ਤੇ ਬਹੁਤ ਤੰਗ ਕਮਰੇ ਵਿੱਚ ਕੈਦ ਕੀਤਾ ਹੋਇਆ ਸੀ।
ਨਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਵਿੱਚ ਸੰਪਰਕ ਕੀਤਾ। ਉਨ੍ਹਾਂ ਵੱਲੋਂ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ 2 ਮਹੀਨੇ ਤੋਂ ਕਮਰੇ ਵਿੱਚ ਬੰਦੀ ਬਣਾ ਕਿ ਰੱਖੇ ਨਰੇਸ਼ ਕੁਮਾਰ ਦੀ ਬੰਦ ਖੁਲਾਸੀ ਕਰਵਾਈ।
ਨਰੇਸ਼ ਕੁਮਾਰ ਨੇ ਦੱਸਿਆ ਕਿ ਅੰਬੈਸੀ ਦੀ ਦਖਲਅੰਦਾਜ਼ੀ ਤੋਂ ਬਾਅਦ ਉਹ ਕੰਪਨੀ ਵਿੱਚੋਂ ਤਾਂ ਬਾਹਰ ਆ ਗਿਆ ਪਰ ਬਾਅਦ ਵਿੱਚ ਕੰਪਨੀ ਵੱਲੋਂ ਉਸਨੂੰ ਝੂਠੇ ਕੇਸ ਵਿੱਚ ਪੁਲਿਸ ਨੂੰ ਫੜਾ ਦਿੱਤਾ ਗਿਆ। ਜਿੱਥੇ ਉਸਨੂੰ ਝੂਠੇ ਚੋਰੀ ਦੇ ਕੇਸ ਵਿੱਚ 7 ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਉਸਨੇ ਦੱਸਿਆ ਕਿ ਜ਼ੁਰਮ ਨਾ ਸਾਬਿਤ ਹੋਣ ਦੀ ਸੂਰਤ ਵਿੱਚ ਅਦਾਲਤ ਨੇ ਉਸਨੂੰ ਬਰੀ ਕਰ ਦਿੱਤਾ ਸੀ ਪਰ ਇਸਦੇ ਬਾਵਜੂਦ ਵੀ ਉਸਨੂੰ ਬਰੀ ਨਹੀ ਸੀ ਕੀਤਾ ਜਾ ਰਿਹਾ। ਸੰਤ ਸੀਚੇਵਾਲ ਦੀ ਮੁੜ ਅਪੀਲ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਦਖਲ ਦਿੱਤਾ। ਫਿਰ ਕੰਪਨੀ ਨੇ ਕਲੀਅਰੈਂਸ ਦੇਣ ਲੱਗਿਆ ਉਸਦੇ ਕੰਮ ਨੂੰ 6 ਮਹੀਨੇ ਤੱਕ ਲਟਕਾਈ ਰੱਖਿਆ। ਘਰ ਵਾਪਸੀ ਕਰਨ ਮਗਰੋਂ ਨਰੇਸ਼ ਨੇ ਜਿੱਥੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਉੱਥੇ ਹੀ ਸੰਤ ਸੀਚੇਵਾਲ ਜੀ ਦਾ ਧੰਨਵਾਦ ਵੀ ਕੀਤਾ ਕਿ ਉਹ ਉਸ ਨਾਲ ਤੇ ਉਸਦੇ ਪਰਿਵਾਰ ਦੇ ਨਾਲ ਖੜ੍ਹੇ ਰਹੇ ਤੇ ਕਿਸੇ ਵੀ ਸਥਿਤੀ ਚ ਡੋਲਣ ਨੀ ਦਿੱਤਾ।
ਨਰੇਸ਼ ਕੁਮਾਰ ਦੀ ਪਤਨੀ ਨੇ ਪਤੀ ਦੀ ਵਾਪਸੀ ਦੀ ਖੁਸ਼ੀ ਜ਼ਾਹਿਰ ਕਰਦਿਆ ਹੋਇਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਭਾਰਤ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭਾਰਤੀ ਦੂਤਾਵਾਸ ਵੱਲੋਂ ਕੀਤੀ ਪੈਰਵਾਈ ਸਦਕਾ ਹੀ ਨਰੇਸ਼ ਕੁਮਾਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ।