Latest News: ਪੈਸਾ ਹੀ ਇਸ ਦੁਨੀਆਂ ਦਾ,ਬਣ ਬੈਠਾ ਮਾਈ ਬਾਪ!
ਸਿਆਣਿਆਂ ਨੇ ਸੱਚ ਹੀ ਕਿਹਾ ਹੈ,ਕਿ,
ਅਗਰ ਪੈਸਾ ਰੱਬ ਨਹੀਂ,ਤਾਂ ਕਿਸੇ ਗੱਲੋਂ ਰੱਬ ਤੋਂ ਘੱਟ ਵੀ ਨਹੀਂ ਹੈ!
ਜੋ ਕਿ ਅਜੋਕੇ ਦੌਰ ਦੀ ਸਚਾਈ ਹੈ। ਕਿਉਂਕਿ,ਪੈਸਾ ਇੱਕ ਅਜਿਹੀ ਚੀਜ਼ ਹੈ।ਜਿਸ ਨਾਲ, ਅਗਰ ਦੁਨੀਆਂ ਦੀ ਹਰ ਖੁਸ਼ੀ,ਖਰੀਦੀ ਨਹੀਂ ਜਾ ਸਕਦੀ,ਤਾਂ ਜ਼ਿੰਦਗੀ ਦਾ ਭਰਭੂਰ ਅਨੰਦ ਜ਼ਰੂਰ ਲਿਆ ਜਾ ਸਕਦਾ ਹੈ।ਇਹੋ ਕਾਰਨ ਹੈ,ਕਿ ਗਰੀਬ ਬੰਦਾ ਸਾਰੀ ਉਮਰ ਘੱਟਾ ਢੋਂਅਦਾ ਹੀ ਮਰ ਜਾਂਦਾ ਹੈ।
ਗਰੀਬ ਬੰਦੇ ਨੇ ਪੈਸੇ ਦੀ ਘਾਟ ਦੇ ਕਾਰਨ,ਜ਼ਿੰਦਗੀ ਦਾ ਅਨੰਦ ਤਾਂ ਕੀ ਲੈਣਾ ਹੁੰਦਾ ਹੈ।ਸਗੋਂ ਉਲਟਾ,ਉਸ ਦੀਆਂ ਤਾਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ।ਇਹੋ ਕਾਰਨ ਹੈ,ਕਿ ਗਰੀਬ ਬੰਦਾ,ਸਾਰੀ ਉਮਰ ਗ਼ੁਰਬਤ ਦੀ ਜ਼ਿੰਦਗੀ ਜਿਉਂ ਕੇ,ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦਾ ਹੈ।
ਸਮਾਜ ਚ ਪੈਸੇ ਦਾ ਐਨਾ ਬੋਲਬਾਲਾ ਹੈ,ਕਿ ਪੈਸੇ ਦੀ ਤਾਕਤ ਦੇ ਨਾਲ,ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਚ ਬਦਲਿਆ ਜਾ ਸਕਦਾ ਹੈ। ਲੋਕਾਂ ਦਾ ਦੀਨ ਧਰਮ ਬਦਲਿਆ ਜਾ ਸਕਦਾ ਹੈ।ਪੈਸੇ ਦੇ ਸਿਰ ਤੇ,ਆਂਢ ਗੁਆਂਢ,ਦੋਸਤ ਮਿੱਤਰ,ਇੱਥੋਂ ਤੱਕ ਕਿ ਇਨਸਾਫ਼ ਦੇ ਤਰਾਜੂ ਦਾ ਪੁੱਠਾ ਗੇੜਾ ਵੀ ਦਿੱਤਾ ਜਾ ਸਕਦਾ ਹੈ।
ਇਹ ਪੈਸੇ ਦੀ ਤਾਕਤ ਹੀ ਹੁੰਦੀ ਹੈ,ਜਿੱਥੇ ਸੱਚ ਨੂੰ ਫਾਂਸੀ ਅਤੇ ਝੂਠ ਦੀ ਬੱਲ੍ਹੇ 2 ਹੋ ਜਾਂਦੀ ਹੈ।ਇਹੋ ਕਾਰਨ ਹੈ,ਕਿ ਗਰੀਬ ਬੰਦੇ ਨੂੰ ਤਾਂ ਕੋਈ ਆਪਣੇ ਕੋਲ ਵੀ ਖੜ੍ਹਨ ਨਹੀਂ ਦਿੰਦਾ।ਗਰੀਬ ਬੰਦੇ ਦੇ ਮਾਣ ਸਤਿਕਾਰ ਦੀ ਗੱਲ ਤਾਂ,ਬੜੀ ਦੂਰ ਦੀ ਗੱਲ ਹੈ।
ਅਜੋਕੇ ਦੌਰ ਚ,ਪੈਸੇ ਦੀ ਬਦੌਲਤ ਹੀ ਰਿਸ਼ਤੇ ਨਾਤੇ ਬਣਦੇ ਅਤੇ ਟੁੱਟਦੇ ਹਨ।ਅੱਜ ਕੱਲ੍ਹ ਯਾਰੀ ਦੋਸਤੀ ਅਤੇ ਰਿਸ਼ਤੇਦਾਰੀ ਵੀ,ਆਪਣੇ ਬਰਾਬਰ ਵਾਲਿਆਂ ਨਾਲ ਹੀ ਬਣਦੀ ਅਤੇ ਨਿੱਭਦੀ ਹੈ। ਜਦੋਂ ਕੋਈ ਅਮੀਰ ਹੁੰਦਾ ਹੈ,ਤਾਂ ਹਰ ਕੋਈ ਉਹਦਾ ਦੋਸਤ ਜਾਂ ਰਿਸ਼ਤੇਦਾਰ ਬਣਨ ਦੀ ਤਾਂਘ ਰੱਖਦਾ ਹੈ।ਪਰ ਜਦੋਂ ਕਦੇ,ਉਸ ਵਿਅਕਤੀ ਤੇ ਕੋਈ ਵਿਪਤਾ ਆ ਜਾਵੇ ਅਤੇ ਉਹਦਾ ਕਾਰੋਬਾਰ,ਕਿਸੇ ਕਾਰਨ ਵੱਸ ਠੱਪ ਹੋ ਜਾਵੇ,ਤਾਂ ਲੋਕ ਝੱਟ ਮੂੰਹ ਫੇਰ ਲੈਂਦੇ ਹਨ।ਪੈਸੇ ਚ ਐਨੀ ਤਾਕਤ ਹੁੰਦੀ ਹੈ,ਕਿ ਇੱਕ ਅਮੀਰ ਵਿਅਕਤੀ ਆਪਣੇ ਗਰੀਬ ਸਕੇ ਭੈਣ ਭਰਾਵਾਂ ਨਾਲੋਂ ਵੀ ਨਾਤਾ ਤੋੜ ਲੈਂਦਾ ਹੈ।ਉਨ੍ਹਾਂ ਨੂੰ ਆਪਣੇ ਕਿਸੇ ਪ੍ਰੋਗਰਾਮ ਤੇ ਬੁਲਾਉਣ ਅਤੇ ਉਨ੍ਹਾਂ ਦੇ ਕਿਸੇ ਦੁੱਖ ਸੁੱਖ ਚ ਜਾਣ ਤੇ,ਆਪਣੀ ਹੱਤਕ ਸਮਝਦਾ ਹੈ।ਆਪਣੇ ਗਰੀਬ ਭੈਣ ਭਰਾਵਾਂ ਦੀ ਮੱਦਦ ਕਰਨ ਦਾ ਤਾਂ, ਸਵਾਲ ਹੀ ਪੈਦਾ ਨਹੀਂ ਹੁੰਦਾ।ਸਗੋਂ ਉਲਟਾ,ਉਨ੍ਹਾਂ ਨੂੰ ਵੇਖਕੇ,ਮੱਥੇ ਤੇ ਸੌ ਤਿਉੜੀਆਂ ਪਾ ਲੈਂਦਾ ਹੈ।
ਪੈਸੇ ਦਾ ਵਿਕਰਾਲ ਰੂਪ,ਉਸ ਵਕਤ ਵੇਖਣ ਵਾਲਾ ਹੁੰਦਾ ਹੈ,ਜਦੋਂ ਸਮਾਜ ਚ ਕਿਸੇ ਗਰੀਬ ਤੇ ਅਮੀਰ ਦੀ ਇੱਜ਼ਤ ਦੀ ਗੱਲ ਆਉਂਦੀ ਹੈ।ਇਹੋ ਕਾਰਨ ਹੈ,ਕਿ ਅਮੀਰ ਬੰਦੇ ਨੂੰ ਹਰ ਕੋਈ ਆਪਣੇ ਹੱਥਾਂ ਤੇ ਚੁੱਕਦਾ ਹੈ ਅਤੇ ਉਹਦੇ ਆਲੇ ਦੁਆਲੇ ਕੁੱਤੇ ਵਾਂਗੂੰ ਪੂੰਛ ਹਿਲਾਉਂਦਾ ਨਹੀਂ ਥੱਕਦਾ।ਪਰ ਦੂਜੇ ਪਾਸੇ,ਆਪਣੇ ਸਕੇ ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ,ਛੇਤੀ ਕੀਤਿਆਂ ਕੋਈ ਪਾਣੀ ਦੀ ਘੁੱਟ ਵੀ ਨਹੀਂ ਪੁੱਛਦਾ।ਅਮੀਰੀ ਦੇ ਕਾਰਨ ਹੀ ਕਿਸੇ ਸਭਾ ਜਾਂ ਇਕੱਠ ਚ ਅਮੀਰ ਬੰਦੇ ਨੂੰ ਬੜੇ ਸਤਿਕਾਰ ਨਾਲ ਕੁਰਸੀ ਜਾਂ ਫਿਰ ਕਿਸੇ ਸਨਮਾਨ ਜਨਕ ਥਾਂ ਤੇ ਬਿਠਾਇਆ ਜਾਂਦਾ ਹੈ ਅਤੇ ਉਹਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਜਦੋਂਕਿ,ਗਰੀਬ ਬੰਦੇ ਨੂੰ ਅਜਿਹੇ ਮੌਕੇ ਹੇਠਾਂ ਬਿਠਾ ਦਿੱਤਾ ਜਾਂਦਾ ਹੈ।ਇਹ ਸਭ ਪੈਸੇ ਦੀ ਹੀ ਕਰਾਮਾਤ ਹੈ।
ਕਿਸੇ ਬੰਦੇ ਦੀ,ਅਮੀਰੀ ਜਾਂ ਗਰੀਬੀ ਦੇ ਹੁੰਦਿਆਂ,ਜਦੋਂ ਕਿਸੇ ਗਰੀਬ ਦੀ ਧੀ ਭੈਣ ਦੀ ਇੱਜ਼ਤ ਆਬਰੂ ਦੀ ਗੱਲ ਆਉਂਦੀ ਹੈ,ਤਾਂ ਉਹਦੀ ਇੱਜ਼ਤ ਦਾ ਮੁੱਲ ਮੌਕੇ ਦੇ ਘੜੰਮ ਚੌਧਰੀ,ਚਾਰ ਛਿੱਲੜ ਪਾ ਕੇ ਗੱਲ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਦੇ ਹਨ।ਪਰ ਜਦੋਂ,ਕਿਸੇ ਅਮੀਰ ਦੀ ਧੀ ਭੈਣ ਦੀ ਗੱਲ ਹੋਵੇ, ਤਾਂ ਪੂਰੇ ਸਮਾਜ ਚ ਹੋ ਹੱਲ੍ਹਾ ਸ਼ੁਰੂ ਹੋ ਜਾਂਦਾ ਹੈ ਅਤੇ ਦੋਸ਼ੀ ਨੂੰ ਫਾਹੇ ਲਾਉਣ ਤੱਕ ਗੱਲ ਪਹੁੰਚ ਜਾਂਦੀ ਹੈ। ਕਿਉਂਕਿ,ਉਹ ਅਮੀਰ ਦੀ ਧੀ ਭੈਣ ਦੀ ਇੱਜ਼ਤ ਆਬਰੂ ਦੀ ਗੱਲ ਹੁੰਦੀ ਹੈ।ਇਹ ਸਭ ਪੈਸੇ ਦੀ ਹੀ ਤਾਂ ਖੇਡ ਹੈ।ਇਸੇ ਲਈ ਤਾਂ ਇੱਕ ਕਹਾਵਤ ਮਸ਼ਹੂਰ ਹੈ,ਕਿ,
*ਗਰੀਬ ਦੀ ਜੋਰੂ,ਜਣੇ ਖਣੇ ਦੀ ਭਾਬੀ !*
ਜਾਂ ਫਿਰ,
*ਅਮੀਰ ਦੀ ਘਰ ਵਾਲੀ,ਸਭ ਦੀ ਬੀਬੀ ਜੀ!*
ਜੋ ਕਿ,ਪੈਸੇ ਦੇ ਸਦਕਾ ਹੀ ਤਾਂ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਕੋਈ ਮੰਨੇ ਜਾਂ ਨਾ ਮੰਨੇ,ਪਰ ਪੈਸੇ ਚ ਬੜੀ ਤਾਕਤ ਹੁੰਦੀ ਹੈ।ਕਿਉਂਕਿ,ਪੈਸੇ ਤੋਂ ਬਿਨਾਂ ਬੰਦੇ ਦਾ ਰਹਿਣ ਸਹਿਣ ਅਤੇ ਖਾਣ ਪੀਣ ਦਾ ਢੰਗ ਹੀ ਅਜੀਬ ਜਿਹਾ ਹੋ ਜਾਂਦਾ ਹੈ।ਇਹੋ ਕਾਰਨ ਹੈ,ਕਿਸੇ ਗਰੀਬ ਦਾ,ਫਾਇਵ ਸਟਾਰ ਹੋਟਲ ਜਾਂ ਫਿਰ ਕਿਸੇ ਧਨਾਢ ਦੇ ਕਿਸੇ ਸਮਾਗਮ ਚ ਸ਼ਾਮਲ ਹੋਣਾ ਤਾਂ ਦੂਰ ਦੀ ਗੱਲ ਹੈ।ਉਹਦੇ ਲਈ ਤਾਂ, ਅਜਿਹੀਆਂ ਥਾਵਾਂ ਤੇ ਜਾਣਾ ਵੀ ਨਾ ਮੁਮਕਿਨ ਹੁੰਦਾ ਹੈ।ਇਸ ਲਈ, ਜ਼ਿੰਦਗੀ ਚ ਕਦੇ ਵੀ ਪੈਸੇ ਦੀ ਤਾਕਤ ਨੂੰ ਘੱਟ ਕਰਕੇ ਨਹੀਂ ਆਂਕਣਾ ਚਾਹੀਦਾ।ਕਿਉਂਕਿ,ਪੈਸੇ ਤੋਂ ਵਗੈਰ,ਜ਼ਿੰਦਗੀ ਦੇ ਬਹੁਤ ਸਾਰੇ ਚਾਅ ਅਧੂਰੇ ਰਹਿ ਜਾਂਦੇ ਹਨ।ਪੈਸੇ ਤੋਂ ਵਗੈਰ,ਲੋਕ ਭੁੱਖ ਦੇ ਨਾਲ ਮੌਤ ਦੇ ਮੂੰਹ ਜਾ ਪੈਂਦੇ ਹਨ ਅਤੇ ਕੋਈ ਗਰੀਬ ਬੰਦਾ ਜਾਂ ਫਿਰ ਉਹਦੇ ਪਰਿਵਾਰ ਦਾ ਕੋਈ ਮੈਂਬਰ ਇਲਾਜ ਖੁਣੋਂ,ਦਮ ਤੋੜ ਜਾਂਦਾ ਹੈ।ਇਸ ਤੋਂ ਵੱਡਾ ਸ਼ਰਾਪ,ਗਰੀਬ ਬੰਦੇ ਲਈ ਹੋਰ ਕੀ ਹੋ ਸਕਦਾ ਹੈ।ਇਹੋ ਕਾਰਨ ਹੈ,ਕਿ ਲੋਕ ਪੈਸੇ ਪਿੱਛੇ ਆਪਣੇ ਮਾਪਿਆਂ ਨੂੰ ਛੱਡ ਦਿੰਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਤੱਕ ਨੂੰ ਵੇਚ ਦਿੰਦੇ ਹਨ।
ਜ਼ਿੰਦਗੀ ਚ,ਪੈਸੇ ਦੀ ਐਨੀ ਮਹੱਤਤਾ ਦੇ ਕਾਰਨ ਹੀ,ਇਸ ਪੈਸੇ ਨੇ ਬੰਦੇ ਦੇ ਮਾਂ ਬਾਪ ਦੀ ਜਗ੍ਹਾ ਲੈ ਲਈ ਹੈ।ਕਿਉਂਕਿ,ਅਜੋਕੇ ਦੌਰ ਚ,ਲੋਕ ਆਪਣੇ ਮਾਪਿਆਂ ਤੋਂ ਜਿਆਦਾ,ਪੈਸੇ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਪਏ ਹਨ।
ਪੱਤਕਾਰ — ਬਲਜੀਤ ਸਿੰਘ ਹੁਸੈਨਪੁਰਾ