Latest News: ਜਲਾਲਾਬਾਦ ਦੇ ਵਿਧਾਇਕ ਨੇ ਹਸਪਤਾਲ ਅਪਗਰੇਡ ਕਰਨ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ
ਜਲਾਲਾਬਾਦ 28 ਮਾਰਚ (ਵਿਸ਼ਵ ਵਾਰਤਾ):- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਵਿਧਾਨ ਸਭਾ ਵਿੱਚ ਸਿਫਰ ਕਾਲ ਦੌਰਾਨ ਜਲਾਲਾਬਾਦ ਦੇ ਹਸਪਤਾਲ ਨੂੰ ਅਪਗਰੇਡ ਕਰਨ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ । ਉਨਾਂ ਨੇ ਸਿਫਰ ਕਾਲ ਦੌਰਾਨ ਕਿਹਾ ਕਿ ਇਸ ਹਸਪਤਾਲ ਨੂੰ ਜਾਂ ਤਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਮੁਕੰਮਲ ਤੌਰ ਤੇ ਸੌਂਪ ਦਿੱਤਾ ਜਾਵੇ ਜਾਂ ਸਿਹਤ ਵਿਭਾਗ ਆਪਣੇ ਅਧੀਨ ਕਰੇ ਅਤੇ ਇਸ ਨੂੰ ਅਪਗਰੇਡ ਕਰਦੇ ਹੋਏ ਸਾਰੀਆਂ ਸਹੂਲਤਾਂ ਇਸ ਵਿੱਚ ਮੁਹਈਆ ਕਰਵਾਈਆਂ ਜਾਣ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਸ ਹਸਪਤਾਲ ਦੇ ਨਾਲ ਇਲਾਕੇ ਦੇ ਬਹੁਤ ਸਾਰੇ ਪਿੰਡ ਵੀ ਜੁੜੇ ਹੋਏ ਹਨ ਜਦਕਿ ਜਲਾਲਾਬਾਦ ਸ਼ਹਿਰ ਦੇ ਲੋਕ ਵੀ ਸਿਹਤ ਸਹੂਲਤਾਂ ਲਈ ਇਸ ਹਸਪਤਾਲ ਤੇ ਨਿਰਭਰ ਹਨ। ਇਸ ਲਈ ਜਰੂਰੀ ਹੈ ਕਿ ਇਸ ਨੂੰ ਅਪਗ੍ਰੇਡ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਕ੍ਰਾਂਤੀ ਤੇ ਵਿਸ਼ੇਸ਼ ਤਵੱਜੋ ਦੇ ਰਹੀ ਹੈ ਅਤੇ ਉਨਾਂ ਆਸ ਪ੍ਰਗਟਾਈ ਕਿ ਜਲਦ ਹੀ ਇਸ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ।