Latest News: ਡਾਕਟਰ ਬਰਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਵਿਦਿਆਰਥੀਆਂ ਨਾਲ ਹੋਏ ਰੂਬਰੂ
ਗਿਆਨ ਦੇ ਪਰਾਂ ਸਦਕਾ ਦੁਨੀਆ ਦੇ ਅੰਬਰੀਂ ਲੱਗਦੀਆਂ ਹਨ ਉਡਾਰੀਆਂ- ਡਾਕਟਰ ਬਰਿੰਦਰ ਕੌਰ
ਪੱਟੀ/ਤਰਨਤਾਰਨ,7 ਫ਼ਰਵਰੀ (ਵਿਸ਼ਵ ਵਾਰਤਾ):- ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਅਰਥ ਮੁਤਾਬਿਕ ਜੇ ਤੁਸੀਂ ਵਿਚਾਰੋ ਤਾਂ ਇਹ ਤੁਹਾਡੇ ਤੇ ਪਰਉਪਕਾਰ ਕਰ ਕੇ ਤੁਹਾਨੂੰ ਵੱਡੇ ਮੁਕਾਮਾਂ ਤੱਕ ਲੈ ਪਹੁੰਚਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਨੇ ਪ੍ਰਸਿੱਧ ਸਾਹਿਤਕਾਰ ਡਾਕਟਰ ਬਰਿੰਦਰ ਕੌਰ ਨੂੰ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ ਦੇ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦਿਆਂ ਕੀਤਾ।ਇਸ ਮੌਕੇ ਵਿਦਿਆਰਥੀਆਂ ਨੂੰ ਡਾਕਟਰ ਬਰਿੰਦਰ ਕੌਰ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਧਾਮੀ ਨੇ ਦੱਸਿਆ ਡਾਕਟਰ ਬਰਿੰਦਰ ਕੌਰ ਨੇ 20 ਸਾਲ ਜਲੰਧਰ ਦੂਰਦਰਸ਼ਨ ਤੇ ਬਤੌਰ ਨਿਊਜ਼ ਰੀਡਰ ਸੇਵਾਵਾਂ ਦਿੱਤੀਆਂ। ਪਿਛਲੇ 22 ਸਾਲ ਤੋਂ ਉਹ ਵੱਖ-ਵੱਖ ਕਾਲਜਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਸਮੇਂ ਉਹ ਮਾਤਾ ਸੁੰਦਰੀ ਯੂਨੀਵਰਸਿਟੀ ਮਾਨਸਾ ਵਿਖੇ ਪ੍ਰਿੰਸੀਪਲ ਵਜੋਂ ਨਿਯੁਕਤ ਹਨ। ਡਾਕਟਰ ਬਰਿੰਦਰ ਕੌਰ ਨੇ ਸਮੇਂ ਸਮੇਂ ਤੇ ਸਭਿਆਚਾਰ,ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਮਿਸਾਲੀ ਮੱਲਾਂ ਮਾਰੀਆਂ ਹਨ। ਇਨ੍ਹਾਂ ਦਾ ਲਿਖਿਆ ਲੇਖ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।ਇਸ ਮੌਕੇ ਡਾਕਟਰ ਧਾਮੀ ਨੇ ਕਿਹਾ ਕਿ ਸਾਡੇ ਸਕੂਲ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਅੱਜ ਡਾਕਟਰ ਬਰਿੰਦਰ ਕੌਰ ਸਾਡੇ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬੇਹੱਦ ਗਰਮਜੋਸ਼ੀ ਨਾਲ ਡਾਕਟਰ ਬਰਿੰਦਰ ਕੌਰ ਦਾ ਸਕੂਲ ਆਉਣ ‘ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਡਾਕਟਰ ਬਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਕਿਹਾ ਕਿ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਪੜ੍ਹਾਈ ਮਹੱਤਵ ਇਸ ਤਰ੍ਹਾਂ ਹੈ ਜਿਵੇਂ ਕਿਸੇ ਪੰਛੀ ਦੀ ਜ਼ਿੰਦਗੀ ਵਿੱਚ ਪਰਾਂ ਦਾ ਮਹੱਤਵ ਹੁੰਦਾ ਹੈ। ਜਦ ਵਿਦਿਆਰਥੀ ਨੂੰ ਪੜ੍ਹਾਈ ਦੇ ਪਰ ਲੱਗਦੇ ਹਨ ਤਾਂ ਉਹ ਗਿਆਨ ਦੇ ਪਰਾਂ ਸਦਕਾ ਦੁਨੀਆਵੀ ਅੰਬਰ ਉੱਪਰ ਉਡਾਰੀਆਂ ਭਰਨ ਲੱਗਦਾ ਹੈ।ਜਿਸ ਵਿਦਿਆਰਥੀ ਨੇ ਪੜ੍ਹਾਈ ਨਾਲ ਸਾਂਝ ਪਾ ਲਈ ਉਸ ਨੂੰ ਜੀਵਨ ਜੀਣ ਦੀ ਜਾਂਚ ਆ ਜਾਂਦੀ ਹੈ। ਇਨਸਾਨ ਦੀਆਂ ਮੁਢਲੀਆਂ ਲੋੜਾਂ ਚੋਂ ਮੁੱਖ ਲੋੜ ਰੁਜ਼ਗਾਰ ਵੀ ਪੜ੍ਹਾਈ ਨਾਲ ਜੁੜਿਆ ਹੋਇਆ ਹੈ। ਜੇ ਤੁਸੀਂ ਪੜ੍ਹਨ ਪ੍ਰਤੀ ਸਮਰਪਿਤ ਹੋ ਜਾਂਦੇ ਹੋ ਤਾਂ ਦੁਨੀਆ ਦੀਆਂ ਮੁਸ਼ਕਿਲਾਂ ਬਹੁਤ ਆਸਾਨ ਹੋ ਜਾਂਦੀਆਂ ਹਨ। ਇਸ ਮੌਕੇ ਡਾਕਟਰ ਬਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਆ ਜਾਂਦਾ ਹੈ ਤਾਂ ਹਾਲਾਤ ਅਤੇ ਇਲਾਕਾ ਮਾਇਨੇ ਨਹੀਂ ਰੱਖਦਾ। ਇਸ ਮੌਕੇ ਉਨ੍ਹਾਂ ਬਾਰਵੀਂ ਜਮਾਤ ਨੂੰ ਲੱਗੇ ਲੇਖ ਸਭਿਆਚਾਰ ਅਤੇ ਸਾਹਿਤ ਬਾਰੇ ਵਿਦਿਆਰਥੀਆਂ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਸਭਿਆਚਾਰ ਦੋ ਸ਼ਬਦਾਂ ਸਭਿਆ ਅਤੇ ਆਚਾਰ ਤੋਂ ਬਣਿਆ ਹੈ। ਸਾਡੀ ਜੀਵਨ ਜਾਂਚ ਨੂੰ ਸਭਿਆਚਾਰ ਕਿਹਾ ਜਾਂਦਾ ਹੈ। ਇਨਸਾਨ ਆਪਣੀ ਜ਼ਿੰਦਗੀ ਕਿਵੇਂ ਜਿਉਂਦਾ ਹੈ,ਕੀ ਖਾਂਦਾ ਹੈ,ਕੀ ਪਹਿਨਦਾ ਹੈ,ਕਿਹੜੀਆਂ ਖੇਡਾਂ ਖੇਡਦਾ,ਕਿਹੜਾ ਨਾਚ ਨੱਚਦਾ ਹੈ। ਇਸ ਸਭ ਕੁਝ ਸਾਡਾ ਸਭਿਆਚਾਰ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਸ਼ਰਨ ਸਿੰਘ ਨੇ ਡਾਕਟਰ ਬਰਿੰਦਰ ਕੌਰ ਨੂੰ ਸਕੂਲ ਆਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੇ ਸਕੂਲ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਅਤੇ ਬਹੁਮੁੱਖੀ ਦੇ ਮਾਲਕ ਡਾਕਟਰ ਬਰਿੰਦਰ ਕੌਰ ਅੱਜ ਸਾਡੇ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹਨ। ਵਿਦਿਆਰਥੀਆਂ ਨੂੰ ਡਾਕਟਰ ਬਰਿੰਦਰ ਕੋਲੋਂ ਪ੍ਰੇਰਨਾ ਲੈਣ ਦੀ ਲੋੜ ਹੈ ਕਿਵੇਂ ਉਹ ਸਿੱਖਿਆ ਦੇ ਦਮ ਤੇ ਅੱਜ ਉੱਚ ਅਹੁਦੇ ਤੱਕ ਪਹੁੰਚੇ ਹਨ। ਅੱਜ ਸਿੱਖਿਆ ਦੇ ਖੇਤਰ ਵਿੱਚ ਡਾਕਟਰ ਬਰਿੰਦਰ ਕੌਰ ਇੱਕ ਵੱਡਾ ਮੁਕਾਮ ਰੱਖਦੇ ਹਨ। ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਡਾਕਟਰ ਬਰਿੰਦਰ ਨੂੰ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਕੀਲ ਸਦਾ,ਲਖਵਿੰਦਰ ਸਿੰਘ,ਚਰਨਜੀਤ ਸਿੰਘ,ਅਰੁਣ ਕੁਮਾਰ ਸ਼ਰਮਾ,ਗੁਰਸੇਵਕ ਸਿੰਘ,ਜਗਜੀਤ ਸਿੰਘ,ਰਣਜੀਤ ਸਿੰਘ,ਮਨਮੋਹਨਜੀਤ ਸਿੰਘ,ਨਿਸ਼ਾਨ ਸਿੰਘ,ਰਮਨ ਕੁਮਾਰ, ਗੁਰਨਰਵਿੰਦਰ ਸਿੰਘ,ਰੋਸ਼ਨ ਸਿੰਘ,ਸਰਬਦੀਪ ਕੌਰ,ਸੰਦੀਪ ਕੌਰ,ਸ਼ਰਨਜੀਤ ਕੌਰ,ਇੰਦੂ ਬਾਲਾ,ਮਨਜੀਤ ਕੌਰ,ਵੀਰਪਾਲ ਕੌਰ,ਪ੍ਰਿਯੰਕਾ ਰਾਣੀ,ਰਾਜਬੀਰ ਕੌਰ,ਮੈਡਮ ਮਨੀਆ,ਪਰਮਜੀਤ ਕੌਰ,ਚਰਨਜੀਤ ਕੌਰ ਆਦਿ ਸਭ ਦੀ ਭੂਮਿਕਾ ਰਹੀ।