Latest News : ਕਿਸਾਨ ਅੰਦੋਲਨ ਦੇ 329 ਦਿਨ ; ਵੱਡਾ ਐਲਾਨ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 44ਵੇਂ ਦਿਨ ਵੀ ਜਾਰੀ
ਕਿਸਾਨ ਅੰਦੋਲਨ 2.0 ਪਿਛਲੇ ਸਾਲ ਫਰਵਰੀ ਤੋਂ ਚੱਲ ਰਿਹਾ ਹੈ। ਅੰਬਾਲਾ ਦੀ ਸ਼ੰਭੂ ਸਰਹੱਦ ਤੇ ਜੀਂਦ ਦੀ ਖਨੌਰੀ ਸਰਹੱਦ ’ਤੇ ਕਿਸਾਨ 329 ਦਿਨਾਂ ਤੋਂ ਖੜ੍ਹੇ ਹਨ। ਕਿਸਾਨਾਂ ਨੇ ਦਿੱਲੀ ਜਾਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ, ਪਰ ਉਹ ਸਰਹੱਦ ਪਾਰ ਨਹੀਂ ਕਰ ਸਕੇ।
ਦੂਜੇ ਪਾਸੇ ਖਨੌਰੀ ਸਰਹੱਦ ’ਤੇ 44 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਹਾਲਤ ਕਾਰਨ ਕਿਸਾਨ ਮੋਰਚੇ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ। ਕੋਹਾੜ ਨੇ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਵੀ ਹੋ ਗਿਆ ਤਾਂ ਕੇਂਦਰ ਸਥਿਤੀ ਨੂੰ ਸੰਭਾਲ ਨਹੀਂ ਸਕੇਗਾ। ਬਿਹਤਰ ਹੈ ਕਿ ਕੇਂਦਰ ਸਰਕਾਰ ਸਮੇਂ ਸਿਰ ਕਿਸਾਨਾਂ ਦੀ ਗੱਲ ਗੰਭੀਰਤਾ ਨਾਲ ਸੁਣੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ।
ਬੁੱਧਵਾਰ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਰ ਵਿਉਂਤਾਂ ਦਿੱਤੀਆਂ। ਪੰਧੇਰ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ਵਿੱਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਤਾਂ ਜੋ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਪਿੰਡਾਂ ਦੇ ਲੋਕ ਐਮਐਸਪੀ ਗਰੰਟੀ ਐਕਟ ਦੇ ਮੁੱਦੇ ’ਤੇ ਡੱਲੇਵਾਲ ਦੇ ਸੰਘਰਸ਼ ਨਾਲ ਖੜ੍ਹੇ ਹਨ। 13 ਜਨਵਰੀ ਨੂੰ ਦੇਸ਼ ਭਰ ਵਿੱਚ ਨਵੀਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਮੋਰਚਿਆਂ ਤੋਂ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।ਕਿਸਾਨਾਂ ਨੇ ਆਪਣੀ ਰਣਨੀਤੀ ਦੱਸ ਦਿੱਤੀ ਹੈ ਪਰ ਹੁਣ ਕੇਂਦਰ ਸਰਕਾਰ ਅੰਦੋਲਨ ਨੂੰ ਲੈ ਕੇ ਕੀ ਨੀਤੀ ਅਪਣਾਏਗੀ ਜਾਂ ਗੱਲਬਾਤ ਸੰਭਵ ਹੋਵੇਗੀ ਜਾਂ ਨਹੀਂ, ਇਹ ਤਾਂ ਹੁਣ ਭਵਿੱਖ ਦੀ ਗੱਲ ਹੈ ਪਰ ਫਿਲਹਾਲ ਅੰਦੋਲਨ ਚੱਲ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/