Latest News : ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਨਕੋਦਰ-ਸ਼ਾਹਕੋਟ-ਮੋਗਾ ਹਾਈਵੇਅ ਕਰ ਦਿੱਤਾ ਜਾਮ
ਚੰਡੀਗੜ੍ਹ, 27ਜੁਲਾਈ(ਵਿਸ਼ਵ ਵਾਰਤਾ)Latest News -ਖਰਾਬ ਮੌਸਮ ਦੌਰਾਨ ਬਿਜਲੀ ਦੇ ਲੰਬੇ ਕੱਟਾਂ ਤੋਂ ਗੁੱਸੇ ‘ਚ ਆਏ ਲੋਕਾਂ ਨੇ ਜਲੰਧਰ ਦੇ ਪ੍ਰਤਾਪਪੁਰਾ ਨੇੜੇ ਨਕੋਦਰ ਹਾਈਵੇਅ ਜਾਮ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਪਾਣੀ ਵੀ ਨਹੀਂ ਆ ਰਿਹਾ ਹੈ । ਇਸ ਸਬੰਧੀ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਲੋਕਾਂ ਨੇ ਇਹ ਕਦਮ ਚੁੱਕਿਆ।
ਨਕੋਦਰ-ਸ਼ਾਹਕੋਟ-ਮੋਗਾ ਹਾਈਵੇਅ ਜਾਮ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ। ਹਾਈਵੇਅ ਨੂੰ ਜਾਮ ਕਰਨ ਵਾਲੇ ਲੋਕ ਪ੍ਰਤਾਪਪੁਰਾ ਦੇ ਆਲੇ- ਦੁਆਲੇ ਜਿਨ੍ਹਾਂ ਪਿੰਡਾਂ ਅਤੇ ਕਲੋਨੀਆਂ ਚ ਬਿਜਲੀ -ਪਾਣੀ ਦੀ ਸਮੱਸਿਆ ਹੈ ਓਦਰ ਦੇ ਵਸਨੀਕ ਹਨ। ਲੋਕਾਂ ਨੇ ਦੱਸਿਆ ਕਿ ਮੌਸਮ ਖ਼ਰਾਬ ਨਾ ਹੋਣ ’ਤੇ ਵੀ ਲੰਮੇ-ਲੰਮੇ ਕੱਟ ਲਾਏ ਜਾਂਦੇ ਹਨ ਜਿਸ ਕਾਰਨ ਇਲਾਕੇ ’ਚ ਹਨੇਰਾ ਛਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਵਿੱਚ ਔਰਤਾਂ ਵੀ ਸ਼ਾਮਲ ਹਨ ਜੋਕਿ ਹੱਲਾ ਬੋਲਦਿਆਂ ਹੋਈਆਂ ਸੜਕ ਤੇ ਬੈਠ ਗਈਆਂ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਪੁਲੀਸ ਪਿੰਡ ਵਾਸੀਆਂ ਨਾਲ ਗੱਲ ਕਰਕੇ ਕਿਸੇ ਤਰ੍ਹਾਂ ਟਰੈਫਿਕ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰਤਾਪਪੁਰਾ ‘ਚ ਜਿਸ ਜਗ੍ਹਾ ‘ਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉਹ ਜਲੰਧਰ ਦਾ ਗੇਟਵੇ ਹੈ। ਇਸ ਹਾਈਵੇਅ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ।
ਉਕਤ ਹਾਈਵੇ ਤੋਂ ਜਲੰਧਰ ਤੋਂ ਨਕੋਦਰ, ਸ਼ਾਹਕੋਟ, ਮੋਗਾ, ਧਰਮਕੋਟ ਅਤੇ ਹੋਰ ਕਈ ਜ਼ਿਲ੍ਹਿਆਂ ਨੂੰ ਜਾਣ ਵਾਲਾ ਰਸਤਾ ਲੰਘਦਾ ਹੈ। ਹੁਣ ਹਾਈਵੇ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਟੀ ਅਤੇ ਦਿਹਾਤੀ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ, ਫਿਲਹਾਲ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੱਸਿਆ ਦਾ ਹੱਲ ਹੋਣ ਤੱਕ ਲੋਕ ਹਾਈਵੇਅ ਤੋਂ ਹਟਣ ਨੂੰ ਤਿਆਰ ਨਹੀਂ ਹਨ।