Latest News : 4 ਦਿਨ ਦੇ ਨਵਜੰਮੇ ਬੱਚੇ ਦੀ ਲੱਖਾਂ ‘ਚ ਹੋਣ ਵਾਲੀ ਸੀ ਡੀਲ, ਜਾਣੋ ਕਿਵੇਂ ਹੋਇਆ ਪਰਦਾਫਾਸ਼
ਜਲੰਧਰ, 22ਨਵੰਬਰ(ਵਿਸ਼ਵ ਵਾਰਤਾ) ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਬਸਤੀ ਸ਼ੇਖ ਚੌਕ ਨੇੜਿਓਂ 3 ਔਰਤਾਂ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 4 ਦਿਨ ਦਾ ਨਵਜੰਮਿਆ ਬੱਚਾ (ਲੜਕਾ) ਵੀ ਬਰਾਮਦ ਹੋਇਆ।
ਪੁਲੀਸ ਕਮਿਸ਼ਨਰ ਸਪਵਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨਵਜੰਮੇ ਬੱਚੇ ਨੂੰ 7 ਲੱਖ ਰੁਪਏ ਵਿੱਚ ਵੇਚਣ ਜਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਕੌਰ ਵਾਸੀ ਨਿਊ ਸ਼ਿਵ ਨਗਰ, ਉਸ ਦੇ ਪਤੀ ਸੁਖਵਿੰਦਰ ਸਿੰਘ, ਪਰਮਜੀਤ ਕੌਰ ਵਾਸੀ ਬਾਘਾ ਪੁਰਾਣਾ, ਉਸ ਦੇ ਪਤੀ ਪਰਮਜੀਤ ਸਿੰਘ ਸੋਨੂੰ ਅਤੇ ਮਨਪ੍ਰੀਤ ਕੌਰ ਵਾਸੀ ਪਿੰਡ ਕਮਰਾਵਾ ਕਪੂਰਥਲਾ, ਮੌਜੂਦਾ ਵਾਸੀ ਭੁੱਲਥਾ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 143(4)61(2) ਤਹਿਤ ਥਾਣਾ ਸਿਟੀ-5 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਸ਼ਾਮਲ ਲਾਡੀ, ਬੱਬੂ ਦੋਆਣੇ ਵਾਸੀ ਸ੍ਰੀ ਮੁਕਤਸਰ ਸਾਹਿਬ ਦੀ ਭਾਲ ਜਾਰੀ ਹੈ। ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਬਰਾਮਦ ਹੋਏ ਨਵਜੰਮੇ ਬੱਚੇ ਦੀ ਡਾਕਟਰਾਂ ਵੱਲੋਂ ਜਾਂਚ ਕਰਕੇ ਮਦਰ ਹਾਊਸ ਨਾਰੀ ਨਿਕੇਤਨ ਦੀ ਮੁਲਾਜ਼ਮ ਗੁਰਿੰਦਰ ਕੌਰ ਨੂੰ ਸੌਂਪ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਕੌਰ ਆਪਣੇ ਪਤੀ ਰਿੰਕੂ ਨਾਲ ਇਸ ਰੈਕੇਟ ਨਾਲ ਜੁੜੀ ਹੋਈ ਹੈ, ਉਹ ਆਪਣੇ ਗਿਰੋਹ ਨਾਲ 4 ਦਿਨ ਦੇ ਬੱਚੇ ਨੂੰ 7 ਲੱਖ ਰੁਪਏ ‘ਚ ਵੇਚਣ ਆਈ ਹੈ। ਇਸ ਦੌਰਾਨ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਬਸਤੀ ਸ਼ੇਖ ਇਲਾਕੇ ਵਿੱਚ ਬੱਚੇ ਨਾਲ ਸੌਦਾ ਹੋਣ ਤੋਂ ਪਹਿਲਾਂ ਹੀ ਮੁਲਜ਼ਮਾਂ ਨੂੰ ਫੜ ਲਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਿਰੋਹ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਅਜਿਹੇ ਪਰਿਵਾਰਾਂ ਦੀ ਭਾਲ ਕਰ ਰਿਹਾ ਸੀ, ਜਿਨ੍ਹਾਂ ਦੇ ਕੋਈ ਔਲਾਦ ਨਾ ਹੋਵੇ। ਜਾਂਚ ‘ਚ ਸਾਹਮਣੇ ਆਇਆ ਕਿ ਬੇਔਲਾਦ ਪਤੀ-ਪਤਨੀ ਹੀ ਉਨ੍ਹਾਂ ਦੇ ਗਾਹਕ ਸਨ।
ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਸਰਕਾਰੀ ਹਸਪਤਾਲ ਦੇ ਬੱਚਿਆਂ ਦੀ ਸੂਚੀ ਸੀ। ਜਿਨ੍ਹਾਂ ਦੇ ਪਰਿਵਾਰਾਂ ਵਿੱਚ ਜ਼ਿਆਦਾ ਬੱਚੇ ਸਨ, ਉਨ੍ਹਾਂ ਨੂੰ ਬੱਚੇ ਦੇ ਬਦਲੇ 1.50 ਲੱਖ ਰੁਪਏ ਦਿੱਤੇ ਜਾਣਗੇ। ਮੁਲਜ਼ਮ ਨੇ ਦੱਸਿਆ ਕਿ ਬਰਾਮਦ ਹੋਏ ਨਵਜੰਮੇ ਬੱਚੇ ਨੂੰ ਵੀ ਪਰਿਵਾਰ ਦੀ ਸਹਿਮਤੀ ਨਾਲ ਲਿਆ ਗਿਆ ਸੀ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਬੱਚਾ ਕਿਸਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/