Latest News : ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ
ਹੁਣ ਇਸ ਮਾਮਲੇ ‘ਚ ਸੁਣਵਾਈ ਮੁੜ ਸ਼ੁਰੂ
ਚੰਡੀਗੜ੍ਹ, 5 ਨਵੰਬਰ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਹੁਣ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ 33 ਸਾਲ ਪੁਰਾਣੇ ਕਤਲ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਦਰਜ ਕੀਤੇ ਕੇਸ ਦੀ ਚਾਰ ਸਾਲ ਬਾਅਦ ਸੁਣਵਾਈ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ SIT ਨੇ ਦਸੰਬਰ 2020 ਵਿੱਚ ਸੈਣੀ ਖ਼ਿਲਾਫ਼ ਕਤਲ ਸਮੇਤ 7 ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ਚਾਰਜਸ਼ੀਟ ਦੀ ਕਾਪੀ ਬੀਤੇ ਦਿਨ (ਸੋਮਵਾਰ ਨੂੰ) ਮੁਹਾਲੀ ਅਦਾਲਤ ਵਿੱਚ ਸੈਣੀ ਦੇ ਵਕੀਲਾਂ ਅਤੇ ਸਾਬਕਾ ਡੀਐਸਪੀ ਕੇਆਈਪੀ ਨੂੰ ਸੌਂਪੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਲਈ ਤੈਅ ਕੀਤੀ ਗਈ ਹੈ। ਹਾਲਾਂਕਿ ਸੈਣੀ ਇਸ ਦੌਰਾਨ ਪੇਸ਼ ਨਹੀਂ ਹੋਏ। SIT ਵੱਲੋਂ ਸੈਣੀ ਖ਼ਿਲਾਫ਼ ਆਈਪੀਸੀ ਦੀ ਧਾਰਾ 302, 364, 201, 344, 330, 219 ਅਤੇ 120 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਚਾਰਜਸ਼ੀਟ 500 ਪੰਨਿਆਂ ਦੀ ਹੈ। ਇਸ ਵਿੱਚ ਕਰੀਬ 47 ਗਵਾਹ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਡੀਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਕੇਆਈਪੀ ਸਿੰਘ ਨੂੰ ਜਾਂਚ ਟੀਮ ਨੇ ਪਹਿਲਾਂ ਹੀ ਕੇਸ ਵਿੱਚ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸਟੇਅ ਸੀ। ਦੂਜੇ ਪਾਸੇ ਅਦਾਲਤ ਵੱਲੋਂ ਦਿੱਤੀ ਗਈ ਛੋਟ ਕਾਰਨ ਸੁਮੇਧ ਸੈਣੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/