Latest News : ਭਾਰਤ ਤੇ ਕੈਨੇਡਾ ਵਿਚਾਲੇ ਵਧੀ ਤਲਖ਼ੀ ; ਦੋਵਾਂ ਦੇਸ਼ਾਂ ਨੇ 6-6 ਡਿਪਲੋਮੈਟਾਂ ਨੂੰ ਕੱਢਿਆ
ਚੰਡੀਗੜ੍ਹ, 15ਅਕਤੂਬਰ(ਵਿਸ਼ਵ ਵਾਰਤਾ) ਭਾਰਤ ਤੇ ਕੈਨੇਡਾ ਸਰਕਾਰ ਦੇ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ 19 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਹੈ।ਭਾਰਤ ਵੱਲੋਂ ਜਿਨ੍ਹਾਂ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿੱਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੌਸ ਵ੍ਹੀਲਰ, ਫਸਟ ਸੈਕਟਰੀ ਮੈਰੀ ਕੈਥਰੀਨ ਜੋਲੀ, ਲੈਨ ਰੌਸ ਡੇਵਿਡ ਟ੍ਰਾਈਟਸ, ਐਡਮ ਜੇਮਸ ਚੁਇਪਕਾ ਅਤੇ ਪੌਲਾ ਓਰਜੁਏਲਾ ਸ਼ਾਮਲ ਹਨ। ਸਾਰਿਆਂ ਨੂੰ 19 ਅਕਤੂਬਰ ਦੀ ਰਾਤ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।
ਭਾਰਤ ਦੇ ਇਸ ਫੈਸਲੇ ਤੋਂ ਮਗਰੋਂ ਹੁਣ ਕੈਨੇਡਾ ਸਰਕਾਰ ਵੱਲੋਂ ਵੀ ਕੁਝ ਅਜਿਹਾ ਹੀ ਐਕਸ਼ਨ ਭਾਰਤੀ ਡਿਪਲੋਮੈਟਾਂ ਦੇ ਖਿਲਾਫ ਲਿਆ ਗਿਆ ਹੈ। ਕੈਨੇਡਾ ਨੇ ਭਾਰਤ ਦੇ 6 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਭਾਰਤ ਸਰਕਾਰ ਨੇ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਵੀ ਵਾਪਸ ਬੁਲਾ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੈਨੇਡੀਅਨ ਸਰਕਾਰ ‘ਤੇ ਭਰੋਸਾ ਨਹੀਂ ਕਰਦੇ।’ ਕੈਨੇਡਾ ਨੇ ਇੱਕ ਮਾਮਲੇ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਸ਼ੱਕੀ ਦੱਸਿਆ ਸੀ। ਭਾਰਤ ‘ਚ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੂਅਰਟ ਵ੍ਹੀਲਰ ਨੇ ਵਿਦੇਸ਼ ਮੰਤਰਾਲੇ ਨੂੰ ਛੱਡਣ ਤੋਂ ਬਾਅਦ ਕਿਹਾ, ‘ਅਸੀਂ ਕੈਨੇਡਾ ਦੀ ਧਰਤੀ ‘ਤੇ ਸਾਡੇ ਨਾਗਰਿਕ ਦੇ ਕਤਲ ‘ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਨਾਲ ਜੁੜੇ ਠੋਸ ਸਬੂਤ ਮੁਹੱਈਆ ਕਰਵਾਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਇਨ੍ਹਾਂ ਦੋਸ਼ਾਂ ‘ਤੇ ਕੀ ਕਾਰਵਾਈ ਕਰਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਿੱਝਰ ਦੀ 18 ਜੂਨ 2023 ਨੂੰ ਹੱਤਿਆ ਕਰ ਦਿੱਤੀ ਗਈ ਸੀ। ਸਤੰਬਰ ਵਿੱਚ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਇਸ ਕਤਲ ਲਈ ਭਾਰਤ ਉੱਤੇ ਦੋਸ਼ ਲਾਇਆ ਸੀ।