Latest News : 28ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਨੂੰ ਸਰੀ (ਕੈਨੇਡਾ)ਦੇ ਹਾਲੈਂਡ ਪਾਰਕ ਵਿਚ ਹੋਵੇਗਾ – ਸਾਹਿਬ ਸਿੰਘ ਥਿੰਦ
ਲੁਧਿਆਣਾਃ 18 ਜੁਲਾਈ(ਵਿਸ਼ਵ ਵਾਰਤਾ)Latest News-ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਕੱਤਰ ਜਨਰਲ ਡਾ. ਨਿਰਮਲ ਜੌੜਾ, ਸਰਪ੍ਰਸਤ ਪਰਗਟ ਸਿੰਘ ਗਰੇਵਾਲ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕੈਨੇਡਾ ਵਿੱਚ ਵੱਸਦੇ ਸਮੂਹ ਪੰਜਾਬੀਆਂ , ਸੰਚਾਰ ਮਾਧਿਅਮਾਂ, ਕਾਰੋਬਾਰੀਆਂ ਤੇ ਲੇਖਕ ਦੋਸਤਾਂ ਨੂੰ ਅਪੀਲ ਕੀਤੀ ਹੈ ਕਿ 4 ਅਗਸਤ ਨੂੰ ਸਰੀ ਵਿਖੇ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੀ ਕੈਨੇਡਾ ਇਕਾਈ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਸਾਥੀਆਂ ਵੱਲੋਂ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਮੇਲੇ ਲਈ ਭਰਪੂਰ ਸਹਿਯੋਗ ਦੇਣ। ਇਸ ਮੇਲੇ ਵਿੱਚ ਪਿਛਲੇ 27 ਮੇਲਿਆਂ ਵਾਂਗ ਇਸ ਵਾਰ ਵੀ 28ਵੇਂ ਮੇਲੇ ਵਿੱਚ ਪਰਿਵਾਰ ਸਮੇਤ ਹਾਜ਼ਰ ਹੋਣ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਸਕੇ। ਇਸ ਸਾਲ ਇਹ ਮੇਲਾ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਾਲੇ ਸੂਰਮਿਆਂ ਨੂੰ ਮੇਲਾ ਸਮਰਪਿਤ ਕੀਤਾ ਗਿਆ ਹੈ।
ਕੈਨੇਡਾ ਤੋਂ ਗੱਲਬਾਤ ਕਰਦਿਆਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਸਰੀ ਦੇ ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮੇਲੇ ਦਾ ਪੋਸਟਰ ਲੋਕ ਅਰਪਨ ਕੀਤਾ ਗਿਆ ਹੈ। ਇਸ ਵਾਰ ਦਾ ‘ਮੇਲਾ ਗਦਰੀ ਬਾਬਿਆਂ ਦਾ’ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ ਕਰਨ ਵਾਲੀਆਂ ਚਾਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਮਰਪਿਤ ਹੋਵੇਗਾ। ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਇਕੱਠ ਜੁੜਨ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਗਦਰੀ ਬਾਬਿਆਂ ਨੂੰ ਚੇਤੇ ਕਰਨ ਦੇ ਨਾਲ-ਨਾਲ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ ਅਤੇ ਪੰਜਾਬੀ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ, ਜਿੱਥੇ ਚੋਟੀ ਦੇ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ-ਸਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਜਾਣਗੇ।
ਹਾਲੈਂਡ ਪਾਰਕ ਵਿਖੇ ਮੇਲੇ ਦਾ ਪੋਸਟਰ ਜਾਰੀ ਕਰਨ ਵਾਲਿਆਂ ਵਿਚ ਸੱਭਿਆਚਾਰਕ ਕਮੇਟੀ ਦੇ ਮੈਂਬਰਜ਼ ਜਗਰੂਪ ਸਿੰਘ ਖੇੜਾ, ਕਿਰਨਪਾਲ ਗਰੇਵਾਲ, ਆਮਨਾ ਥਿੰਦ, ਸੁਖਦੇਵ ਸਿੰਘ ਸ਼ਾਹੀ, ਲੁਧਿਆਣਾ ਤੋਂ ਆਏ ਉਘੇ ਗਾਇਕ ਕਲਾਕਾਰ ਸੁਖਵਿੰਦਰ ਸੁੱਖੀ, ਜਗਵਿੰਦਰ ਸਰਾਂ, ਸਿਰਮੌਰ ਲੇਖਕ ਡਾ. ਸਾਧੂ ਬਿਨਿੰਗ ,ਸੁਖਵੰਤ ਹੁੰਦਲ, ਇਤਿਹਾਸਕਾਰ ਸੋਹਨ ਸਿੰਘ ਪੂਨੀ, ਸ਼ਹਿਰ ਦੇ ਪਤਵੰਤੇ ਵਕੀਲ ਕੁਲਬੀਰ ਸਿੰਘ ਬੈਨੀਵਾਲ,ਹਰਮੀਤ ਸਿੰਘ ਖੁੱਡੀਆਂ, ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਮਹੇਸ਼ਇੰਦਰ ਸਿੰਘ ਮਾਂਗਟ,ਬਲਵੀਰ ਬੈਂਸ ਅਤੇ ਜਗਦੀਪ ਗਿੱਲ ਤੋਂ ਇਲਾਵਾ ਸ਼ਹਿਰ ਦੀਆਂ ਕਈ ਹੋਰ ਸਿਰਕੱਢ ਹਸਤੀਆਂ ਵੀ ਸ਼ਾਮਿਲ ਸਨ।