Latest News: ਅਕਤੂਬਰ ਤੱਕ ਝੋਨੇ ਦੇ ਭੰਡਾਰਨ ਲਈ ਕੇਂਦਰ ਦੇਵੇਗਾ 15 ਲੱਖ ਮੀਟ੍ਰਿਕ ਟਨ ਜਗ੍ਹਾ
ਪੰਜਾਬ ਸਰਕਾਰ ਵੱਲੋ ਲਿਖੀ ਚਿੱਠੀ ਦਾ ਕੇਂਦਰ ਨੇ ਦਿੱਤਾ ਜਵਾਬ
ਚੰਡੀਗੜ੍ਹ 28 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੇ ਚਲਦਿਆਂ ਕੇਂਦਰ ਸਰਕਾਰ ਨੂੰ (ਐਫਸੀਆਈ) ਦੇ ਗੋਦਾਮਾਂ ‘ਚ ਸੀਜ਼ਨ ਦੌਰਾਨ 20 ਲੱਖ ਮੀਟ੍ਰਿਕ ਟਨ ਜਗ੍ਹਾ ਉਪਲਬਧ ਕਰਵਾਉਣ ਲਈ ਚਿੱਠੀ ਲਿਖੀ ਸੀ। ਇਸ ਚਿੱਠੀ ਦੇ ਜਵਾਬ ‘ਚ ਕੇਂਦਰ ਨੇ ਅਕਤੂਬਰ ਤੱਕ 15 LMT ਜਗ੍ਹਾ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕੇਂਦਰ ਦੇ ਇਸ ਭਰੋਸੇ ਬਾਰੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਅਕਤੂਬਰ ਦੇ ਅੰਤ ਤੱਕ ਕੇਂਦਰ ਸਰਕਾਰ ਐਫਸੀਆਈ ਦੇ ਗੋਦਾਮਾਂ ‘ਚ ਇਹ ਜਗ੍ਹਾ ਉਪਲਬਧ ਕਰਵਾਵੇਗੀ। ਪੰਜਾਬ ਸਰਕਾਰ ਵੱਲੋ ਜੋ ਚਿੱਠੀ ਲਿਖੀ ਗਈ ਸੀ ਉਸ ਵਿਚ ਜਗ੍ਹਾ ਉਪਲਬਧ ਨਾ ਕਰਵਾਉਣ ਦੀ ਸੂਰਤ ‘ਚ ਹਾਲਾਤ ਖ਼ਰਾਬ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਕੇਂਦਰ ਮੁਤਾਬਕ ਦਿਸੰਬਰ ਤੱਕ 40 LMT ਵਾਧੂ ਜਗ੍ਹਾ ਪੰਜਾਬ ਦੇ ਗੋਦਾਮਾਂ ‘ਚ ਉਪਲਬਧ ਕਾਰਵਾਈ ਜਾਵੇਗੀ। ਕੇਂਦਰ ਦੇ ਇਸ ਫੈਸਲੇ ਦਾ ਸ਼ੈਲਰ ਮਾਲਕਾਂ ਨੇ ਸਵਾਗਤ ਕੀਤਾ ਹੈ ਪਰ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ, ਐਨੇ ਘੱਟ ਸਮੇ ‘ਚ ਕਿਸ ਤਰਾਂ ਐਨੀ ਜਗ੍ਹਾ ਖਾਲੀ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾਵੇਗਾ।