Latest News: ਅੰਗਰੇਜ਼ਾਂ ਦੀ ਗੁਲਾਮੀ ਦਾ ਇਕ ਹੋਰ ਨਿਸ਼ਾਨ ਮਿਟਾਇਆ, ਇਸ ਸ਼ਹਿਰ ਦਾ ਬਦਲਿਆ ਨਾਮ
ਨਵੀਂ ਦਿੱਲੀ 14ਸਤੰਬਰ (ਵਿਸ਼ਵ ਵਾਰਤਾ) Latest News: ਕੇਂਦਰ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਂ ਬਦਲ ਕੇ ‘ਸ੍ਰੀ ਵਿਜੇ ਪੁਰਮ’ ਕਰ ਦਿੱਤਾ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਪੋਰਟ ਬਲੇਅਰ ਨਾਮ ਬਸਤੀਵਾਦੀ ਵਿਰਾਸਤ ਦਾ ਪ੍ਰਤੀਕ ਹੈ। ਇਸ ਲਈ ਸਰਕਾਰ ਨੇ ਇਸ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸ਼੍ਰੀ ਵਿਜੇ ਪੁਰਮ’ ਨਾਮ ਸਾਡੇ ਆਜ਼ਾਦੀ ਸੰਘਰਸ਼ ਅਤੇ ਇਸ ਵਿੱਚ ਅੰਡੇਮਾਨ ਨਿਕੋਬਾਰ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ , “ਰਾਸ਼ਟਰ ਨੂੰ ਬਸਤੀਵਾਦੀ ਛਾਪ ਤੋਂ ਮੁਕਤ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ਅੱਜ ਅਸੀਂ ਪੋਰਟ ਬਲੇਅਰ ਦਾ ਨਾਮ “ਸ਼੍ਰੀ ਵਿਜੇ ਪੁਰਮ” ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਲਿਖਿਆ, “ਪਹਿਲਾਂ ਇਸ ਨਾਮ ਵਿੱਚ ਬਸਤੀਵਾਦੀ ਵਿਰਾਸਤ ਦੇ ਨਿਸ਼ਾਨ ਸਨ। ਸ਼੍ਰੀ ਵਿਜੇਪੁਰਮ ਸਾਡੇ ਸੁਤੰਤਰਤਾ ਸੰਗਰਾਮ ਦੀ ਜਿੱਤ ਅਤੇ ਇਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਵਿਲੱਖਣ ਭੂਮਿਕਾ ਦਾ ਪ੍ਰਤੀਕ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਵਿਸ਼ੇਸ਼ ਸਥਾਨ ਹੈ। ਜ਼ਿਕਰਯੋਗ ਹੈ ਕਿ ਬੀਤੀ ਜਨਵਰੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੋਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਵੱਡੇ ਬੇਨਾਮ ਟਾਪੂਆਂ ਦਾ ਨਾਂ ਪਰਮਵੀਰ ਚੱਕਰ ਜੇਤੂਆਂ ਦੇ ਨਾਂ ‘ਤੇ ਰੱਖਿਆ ਸੀ।