Latest News : ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਝਟਕਾ, ਦੁਰਗੇਸ਼ ਪਾਠਕ ਨੂੰ ਮਿਲੀ ਰਾਹਤ
ਨਵੀਂ ਦਿੱਲੀ 11ਸਤੰਬਰ (ਵਿਸ਼ਵ ਵਾਰਤਾ)Latest News: ਕੇਜਰੀਵਾਲ ਨੂੰ ਇਕ ਵਾਰ ਫਿਰ ਅਦਾਲਤ ਤੋਂ ਝਟਕਾ ਲੱਗਾ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਬੁੱਧਵਾਰ (11 ਸਤੰਬਰ) ਨੂੰ ਕੇਜਰੀਵਾਲ ਦੀ ਨਿਆਂਇਕ ਹਿਰਾਸਤ 25 ਸਤੰਬਰ ਤੱਕ ਵਧਾ ਦਿੱਤੀ ਹੈ। ਅਦਾਲਤੀ ਕਾਰਵਾਈ ਦੌਰਾਨ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ। ਸੀਬੀਆਈ ਨੇ ਕੇਜਰੀਵਾਲ ‘ਤੇ ਦੋਸ਼ ਲਗਾਇਆ ਹੈ ਕਿ ਕਥਿਤ ਘੁਟਾਲੇ ‘ਚ ਗੈਰ-ਕਾਨੂੰਨੀ ਪੈਸੇ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਇਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਸੀਬੀਆਈ ਨੇ 26 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 21 ਮਾਰਚ ਨੂੰ ਈਡੀ ਨੇ ਉਸ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਪਰ ਸੀਬੀਆਈ ਕੇਸ ਵਿੱਚ ਗ੍ਰਿਫ਼ਤਾਰੀ ਕਾਰਨ ਉਹ ਹਾਲੇ ਜੇਲ੍ਹ ਤੋਂ ਬਾਹਰ ਨਹੀਂ ਆਏ ਹਨ। ਪਹਿਲਾਂ 27 ਅਗਸਤ ਅਤੇ ਫਿਰ 3 ਸਤੰਬਰ ਨੂੰ ਕੇਜਰੀਵਾਲ ਦੀ ਹਿਰਾਸਤ 11 ਸਤੰਬਰ ਤੱਕ ਵਧਾ ਦਿੱਤੀ ਗਈ ਸੀ, ਹੁਣ ਉਨ੍ਹਾਂ ਦੀ ਹਿਰਾਸਤ ਇੱਕ ਵਾਰ ਫਿਰ 25 ਸਤੰਬਰ ਤੱਕ ਵਧਾ ਦਿੱਤੀ ਗਈ ਹੈ।
ਦੁਰਗੇਸ਼ ਪਾਠਕ ਨੂੰ ਮਿਲ਼ੀ ਜ਼ਮਾਨਤ
ਦੱਸਣਯੋਗ ਹੈ ਕਿ ‘ਆਪ’ ਆਗੂ ਦੁਰਗੇਸ਼ ਪਾਠਕ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਦੁਰਗੇਸ਼ ਪਾਠਕ ਨੂੰ ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਉੱਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ‘ਆਪ’ ਨੇਤਾ ਦੁਰਗੇਸ਼ ਪਾਠਕ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ਮੈਂ ਕਈ ਸਾਲਾਂ ਤੋਂ ਇਹ ਨਾਟਕ ਦੇਖ ਰਿਹਾ ਹਾਂ। ਪੀਐਮ ਮੋਦੀ ਝੂਠੇ ਦੋਸ਼ ਲਗਾ ਕੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨਾ ਚਾਹੁੰਦੇ ਹਨ। ਪਰ, ਹੁਣ ਸੱਚਾਈ ਸਾਹਮਣੇ ਆ ਰਹੀ ਹੈ ਅਤੇ ਇੱਕ-ਇੱਕ ਕਰਕੇ ਸਾਰੇ ਆਗੂ ਜੇਲ੍ਹ ਵਿੱਚੋਂ ਬਾਹਰ ਆ ਰਹੇ ਹਨ।