Latest News : ਪੰਜਾਬ ਦੀ ਪ੍ਰਸਤਾਵਿਤ ਮਾਲਵਾ ਨਹਿਰ ‘ਤੇ ਹਰਿਆਣਾ ਕਰਨ ਜਾ ਰਿਹਾ ਆਹ ਕਾਰਵਾਈ
ਚੰਡੀਗੜ੍ਹ, 2ਸਤੰਬਰ (ਵਿਸ਼ਵ ਵਾਰਤਾ)Latest News: ਪੰਜਾਬ ਦੀ ਮਾਨ ਸਰਕਾਰ ਵਲੋਂ ਪ੍ਰਸਤਾਵਿਤ ਮਾਲਵਾ ਨਹਿਰ ‘ਤੇ ਹਰਿਆਣਾ ਸਰਕਾਰ ਨੇ ਆਪਣੇ ਇਤਰਾਜ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧ ‘ਚ ਹਰਿਆਣਾ ਸਰਕਾਰ ਵਲੋਂ ਕੇਂਦਰੀ ਜਲ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ। ਹਰਿਆਣਾ ਸਰਕਾਰ ਨੇ 6 ਸਤੰਬਰ ਨੂੰ ਹੋਣ ਵਾਲੀ ਉੱਤਰੀ ਜ਼ੋਨਲ ਕੌਂਸਲ ਦੀ ਸਥਾਈ ਕਮੇਟੀ ਦੀ ਬੈਠਕ ‘ਚ ਇਹ ਮਾਮਲਾ ਚੁੱਕਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਕੌਂਸਲ ਦੇ ਏਜੰਡੇ ‘ਚ ਸ਼ਾਮਿਲ ਕੀਤਾ ਗਿਆ ਹੈ। ਹਰਿਆਣਾ ਨੂੰ ਇਤਰਾਜ਼ ਹੈ ਕਿ ਪੰਜਾਬ ਹਰੀਕੇ ਤੋਂ ਤੀਜਾ ਫੀਡਰ ਬਣਾ ਰਿਹਾ ਹੈ, ਜਦਕਿ ਹਰਿਆਣਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਕਿ ਪੰਜਾਬ ਮਾਧੋਪੁਰ ਅਤੇ ਫਿਰੋਜ਼ਪੁਰ ਤੋਂ ਪਾਕਿਸਤਾਨ ਨੂੰ ਪਾਣੀ ਛੱਡ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨ ਸਰਕਾਰ ਵਲੋਂ ਮਾਲਵਾ ਖੇਤਰ ‘ਚ ਸਿੰਚਾਈ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਨਹਿਰ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ 2 ਲੱਖ ਏਕੜ ਜਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ। ਜਿਸ ਨਾਲ ਸੂਬਾ ਤਰੱਕੀ ਵੱਲ ਵਧੇਗਾ। ਇਹ ਨਹਿਰ ਹਰੀਕੇ ਤੋਂ ਨਿਕਲਕੇ ਰਾਜਸਥਾਨ ਤੱਕ ਜਾਵੇਗੀ ਅਤੇ ਮਾਲਵੇ ਦੇ ਵੱਡੇ ਖੇਤਰ ਨੂੰ ਪਾਣੀ ਉਪਲਬਧ ਕਰਾਵੇਗੀ। ਲਗਭਗ 150 ਕਿਲੋਮੀਟਰ ਲੰਮੀ ਇਹ ਪ੍ਰਸ੍ਤਾਵਿਤ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਇਸਦੀ ਸਮਰੱਥਾ 2000 ਕਿਉਸਕ ਦੀ ਹੋਵੇਗੀ।