Latest news : ਵਿਸਤਾਰਾ ਏਅਰਲਾਈਨਜ਼ ਦੀਆਂ ਸੇਵਾਵਾਂ ਹੋਣਗੀਆਂ ਸਮਾਪਤ, ਕਿਸ ਨਾਲ ਹੋਇਆ ਕਰਾਰ ; ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ 1ਸਤੰਬਰ (ਵਿਸ਼ਵ ਵਾਰਤਾ)Latest news: ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਿੰਗਾਪੁਰ ਏਅਰਲਾਈਨਜ਼ ਨੂੰ ਭਾਰਤ ਸਰਕਾਰ ਤੋਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੀ ਮਨਜ਼ੂਰੀ ਮਿਲੀ ਹੈ। ਸਰਕਾਰ ਦੀ ਮਨਜ਼ੂਰੀ ਦੇ ਅਧੀਨ, ਸਿੰਗਾਪੁਰ ਏਅਰਲਾਈਨ ਰਲੇਵੇਂ ਦੇ ਸਮਝੌਤੇ ਦੇ ਤਹਿਤ ਏਅਰ ਇੰਡੀਆ ਵਿੱਚ 25.1 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਹਵਾਬਾਜ਼ੀ ਪ੍ਰਮੁੱਖ ਸਿੰਗਾਪੁਰ ਏਅਰਲਾਈਨਜ਼ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਪ੍ਰਸਤਾਵਿਤ ਰਲੇਵੇਂ ਦੇ ਹਿੱਸੇ ਵਜੋਂ ਉਸ ਨੂੰ ਏਅਰ ਇੰਡੀਆ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਕੰਪਨੀ ਮੁਤਾਬਕ ਇਸ ਮਨਜ਼ੂਰੀ ਨਾਲ ਰਲੇਵੇਂ ਦਾ ਸਮਝੌਤਾ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਸੌਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਏਅਰਲਾਈਨ ਸਮੂਹਾਂ ਵਿੱਚੋਂ ਇੱਕ ਬਣਨ ਦੀ ਉਮੀਦ ਹੈ। ਇਸ ਦੌਰਾਨ, ਦੇਸ਼ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਵਿਸਤਾਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ 11 ਨਵੰਬਰ, 2024 ਨੂੰ ਆਪਣੇ ਬ੍ਰਾਂਡ ਦੇ ਤਹਿਤ ਆਖਰੀ ਉਡਾਣ ਦਾ ਸੰਚਾਲਨ ਕਰੇਗੀ। ਦਰਅਸਲ ਅਜਿਹਾ ਇਸ ਲਈ ਹੈ ਕਿਉਂਕਿ ਸਿੰਗਾਪੁਰ ਸਥਿਤ ਏਅਰਲਾਈਨ ਨੇ ਏਅਰ ਇੰਡੀਆ ਦੇ ਨਾਲ ਰਲੇਵੇਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਏਅਰ ਇੰਡੀਆ 12 ਨਵੰਬਰ, 2024 ਤੋਂ ਵਿਸਤਾਰਾ ਦੀਆਂ ਸਾਰੀਆਂ ਉਡਾਣਾਂ ਦਾ ਸੰਚਾਲਨ ਕਰੇਗੀ। ਇਸ ਦੇ ਲਈ ਟਿਕਟ ਬੁਕਿੰਗ ਵੀ ਏਅਰ ਇੰਡੀਆ ਦੀ ਵੈੱਬਸਾਈਟ ਰਾਹੀਂ ਕੀਤੀ ਜਾਵੇਗੀ।
ਟਾਟਾ ਦੀ ਅਗਵਾਈ ਵਾਲੀ ਏਅਰ ਇੰਡੀਆ ਦੇ ਮੁਖੀ ਕੈਂਪਬੈਲ ਵਿਲਸਨ ਨੇ ਇਕ ਬਿਆਨ ਵਿਚ ਕਿਹਾ ਕਿ ਵਿਸਤਾਰਾ ਦੇ ਜਹਾਜ਼ ਅਤੇ ਚਾਲਕ ਦਲ 12 ਨਵੰਬਰ ਨੂੰ ਏਅਰ ਇੰਡੀਆ ਵਿਚ ਸ਼ਾਮਲ ਹੋਣਗੇ।