ਮਾਨਸਾ 6 ਅਪਰੈਲ (ਵਿਸ਼ਵ ਵਾਰਤਾ)-ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਵਨੀਤ ਸਿੰਘ ਬਿੱਟੂ ਵਲੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੀ ਕੀਤੀ ਅਪੀਲ ਤੋਂ ਅਗਲੇ ਦਿਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਅਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ । ਉਹਨਾਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਐਲਾਨ ਕੀਤਾ । ਉਹਨਾਂ ਨੇ 131 ਦਿਨਾਂ ਪਿੱਛੋ ਮਰਨ ਵਰਤ ਖ਼ਤਮ ਕੀਤਾ ਹੈ । ਉਹਨਾਂ ਕਿਹਾ ਕਿ ਐਮਐਸਪੀ ਲਈ ਲੜਾਈ ਜਾਰੀ ਰਹੇਗੀ ।
ਜਾਣਕਾਰੀ ਅਨੁਸਾਰ ਸ੍ਰੀ ਡੱਲੇਵਾਲ ਨੇ 26 ਨਵੰਬਰ 2024 ਨੂੰ ਮਰਨ ਵਰਤ ਸ਼ੁਰੂ ਕੀਤਾ ਸੀ ਅਤੇ 18 ਜਨਵਰੀ ਤੋਂ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰ ਦਿੱਤੀ ਸੀ ।ਡੱਲੇਵਾਲ ਕੁੱਝ ਦਿਨ ਪਹਿਲਾਂ ਹੀ ਹਸਪਤਾਲ ਚੋਂ ਰਿਲੀਜ਼ ਹੋਏ ਸਨ ਅਤੇ ਅੱਜ ਪਿੰਡ ਡੱਲੇਵਾਲ ਤੋਂ ਹੀ ਫਤਿਹਗੜ੍ਹ ਸਾਹਿਬ ਦੀ ਮਹਾਂ ਪੰਚਾਇਤ ਵਿਚ ਭਾਗ ਲੈਣ ਲਈ ਗਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਮੌਰਚਾ ਆਰੰਭ ਹੋਇਆ ਸੀ, ਉਦੋਂ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਆਸ਼ੀਰਵਾਦ ਲੈਕੇ ਚੱਲੇ ਸੀ ਅਤੇ ਅੱਜ ਵੀ ਉਸੇ ਪਾਵਨ ਧਰਤੀ ਤੋਂ ਅਰਦਾਸ ਕਰਕੇ ਮਰਨ ਵਰਤ ਸਮਾਪਤ ਕੀਤਾ ਗਿਆ ਹੈ।
ਮਰਨ ਵਰਤ ਸਮਾਪਤ ਕਰਨ ਲਈ ਪੰਜਾਬ ਪੁਲੀਸ ਦੇ ਸੇਵਾ ਮੁਕਤ ਸੀਨੀਅਰ ਅਧਿਕਾਰੀਆਂ ਡਾ ਨਰਿੰਦਰ ਭਾਰਗਵ ਅਤੇ ਜਸਕਰਨ ਸਿੰਘ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਦੱਸੀ ਜਾਂਦੀ ਹੈ।
Latest Agriculture News
read more news https://wishavwarta.in/