Kolkata Rape Murder Case : ਭਾਜਪਾ ਵੱਲੋਂ ਅੱਜ ਬੰਗਾਲ ਬੰਦ ਦਾ ਸੱਦਾ
ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ) ਕੋਲਕਾਤਾ ਵਿੱਚ ਇੱਕ ਟਰੇਨੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਨੇ ਅੱਜ 12 ਘੰਟੇ ਦੇ ਬੰਗਾਲ ਬੰਦ ਦਾ ਸੱਦਾ ਦਿੱਤਾ ਹੈ। ਭਾਜਪਾ ਦਾ ਇਹ ਬੰਦ 100 ਦੇ ਕਰੀਬ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈਣ ਦੇ ਖਿਲਾਫ ਹੈ। ਬੀਤੇ ਦਿਨ 27 ਅਗਸਤ ਨੂੰ ਵੱਡੀ ਗਿਣਤੀ ‘ਚ ਵਿਦਿਆਰਥੀ ਸੜਕਾਂ ‘ਤੇ ਉਤਰ ਆਏ ਸਨ। ਵਿਦਿਆਰਥੀਆਂ ਦੀ ਮੰਗ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਸੀ। ਇਸ ਪ੍ਰਦਰਸ਼ਨ ਨੂੰ ‘ਨਬੰਨਾ ਮੁਹਿੰਮ’ ਦਾ ਨਾਂ ਦਿੱਤਾ ਗਿਆ। ਪ੍ਰਦਰਸ਼ਨਾਂ ਦੌਰਾਨ 100 ਤੋਂ ਵੱਧ ਵਿਦਿਆਰਥੀ ਅਤੇ 25 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਗੌਰਤਲਬ ਹੈ ਕਿ 8 ਅਗਸਤ ਦੀ ਰਾਤ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਟਰੇਨੀ ਡਾਕਟਰ ਦਾ ਬਲਾਤਕਾਰ-ਕਤਲ ਹੋਇਆ ਸੀ। ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਮਿਲੀ ਸੀ। ਇਸ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਸੜਕਾਂ ‘ਤੇ ਉਤਰ ਆਏ। ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਰੱਦ ਕਰ ਦਿੱਤੀ ਹੈ। ਹਾਲਾਂਕਿ ਇਨਸਾਫ ਲਈ ਪ੍ਰਦਰਸ਼ਨ ਜਾਰੀ ਹੈ।