Kolkata rape-murder case : ਮੁੱਖ ਦੋਸ਼ੀ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ‘ਚ ਆਪਣਾ ਜੁਰਮ ਕਬੂਲਿਆ
ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ) Kolkata rape-murder case: ਕੋਲਕਾਤਾ ਰੇਪ-ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ‘ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸੰਜੇ ਨੇ ਦੱਸਿਆ ਕਿ ਉਸ ਨੇ ਟ੍ਰੇਨੀ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਰੈੱਡ ਲਾਈਟ ਏਰੀਆ ‘ਚ ਗਿਆ ਸੀ। ਰਸਤੇ ‘ਚ ਉਸ ਨੇ ਇਕ ਲੜਕੀ ਨਾਲ ਛੇੜਛਾੜ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਨੇ ਇਹ ਸਾਰੀਆਂ ਗੱਲਾਂ ਬੀਤੇ ਦਿਨ(ਐਤਵਾਰ) 25 ਅਗਸਤ ਨੂੰ ਪੋਲੀਗ੍ਰਾਫ ਟੈਸਟ ‘ਚ ਕਹੀਆਂ ਹਨ। ਪੁਲਿਸ ਹਿਰਾਸਤ ਵਿੱਚ ਵੀ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਸੀ। ਸੀਬੀਆਈ ਅਤੇ ਕੇਂਦਰੀ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ ਐਤਵਾਰ (25 ਅਗਸਤ) ਨੂੰ 3 ਘੰਟੇ ਤੱਕ ਸੰਜੇ ਦਾ ਪੌਲੀਗ੍ਰਾਫ ਟੈਸਟ ਕੀਤਾ। ਸੰਜੇ ਨੇ ਕਬੂਲ ਕੀਤਾ ਕਿ ਉਸ ਨੇ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੀਤਾ ਸੀ। ਸੰਜੇ ਨੇ ਪੋਲੀਗ੍ਰਾਫ਼ ਟੈਸਟ ਦੌਰਾਨ ਸੀਬੀਆਈ ਨੂੰ ਦੱਸਿਆ ਕਿ ਉਸ ਨੇ 8 ਅਗਸਤ ਨੂੰ ਇੱਕ ਦੋਸਤ ਨਾਲ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਉਹ ਰੈੱਡ ਲਾਈਟ ਏਰੀਆ ‘ਚ ਗਿਆ। ਰਸਤੇ ਵਿਚ ਉਸ ਨੇ ਇਕ ਲੜਕੀ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਸੰਜੇ ਨੇ ਦੇਰ ਰਾਤ ਆਪਣੀ ਪ੍ਰੇਮਿਕਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਸੰਜੇ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਸੰਜੇ ਹਸਪਤਾਲ ਦੇ ਸੈਮੀਨਾਰ ਹਾਲ ‘ਚ ਪਹੁੰਚਿਆ, ਜਿੱਥੇ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰਨ ਤੋਂ ਬਾਅਦ ਉਹ ਸਵੇਰੇ ਆਪਣੇ ਦੋਸਤ ਦੇ ਘਰ ਚਲਾ ਗਿਆ। ਜ਼ਿਕਰਯੋਗ ਹੈ ਕਿ ਘਟਨਾ ਦੇ ਅਗਲੇ ਦਿਨ ਹੀ ਸੰਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੰਜੇ ਮੈਡੀਕਲ ਕਾਲਜ ਵਿੱਚ ਹੀ ਸਿਵਿਕ ਵਲੰਟੀਅਰ ਸੀ। ਪੁਲਿਸ ਤੋਂ ਬਾਅਦ ਇਹ ਮਾਮਲਾ 14 ਅਗਸਤ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਸਿਆਲਦਾਹ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 23 ਅਗਸਤ ਨੂੰ ਸੰਜੇ ਸਮੇਤ 7 ਲੋਕਾਂ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਦਿੱਤੀ ਸੀ। ਸੰਜੇ ਦਾ ਇਹ ਕਬੂਲਨਾਮਾ ਕਤਲ ਅਤੇ ਬਲਾਤਕਾਰ ਦੇ 18 ਦਿਨ ਬਾਅਦ ਆਇਆ ਹੈ। ਗੌਰਤਲਬ ਹੈ ਕਿ 8 ਅਤੇ 9 ਅਗਸਤ ਦੀ ਰਾਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਟ੍ਰੇਨੀ ਡਾਕਟਰ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ‘ਚ ਲੜਕੀ ਦੀ ਅਰਧ ਨਗਨ ਲਾਸ਼ ਮਿਲੀ ਸੀ।