Kisan Andolan : ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ਵੀ ਜਾਰੀ : ਘਟਿਆ 20 ਕਿਲੋ ਵਜ਼ਨ ; ਸਿਹਤ ਨਾਜ਼ੁਕ
ਡੱਲੇਵਾਲ ਦੇ ਸਮਰਥਨ ‘ਚ 111 ਹੋਰ ਕਿਸਾਨ ਬੈਠੇ ਹਨ ਭੁੱਖ ਹੜਤਾਲ ‘ਤੇ
ਸਾਬਕਾ ADGP ਜਸਕਰਨ ਸਿੰਘ ਤੇ ਨਰਿੰਦਰ ਭਾਰਗਵ ਪਹੁੰਚੇ ਖਨੌਰੀ – ਜਾਣਿਆ ਡੱਲੇਵਾਲ ਦਾ ਹਾਲ
ਚੰਡੀਗੜ੍ਹ, 17ਜਨਵਰੀ(ਵਿਸ਼ਵ ਵਾਰਤਾ) ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ (ਸ਼ੁੱਕਰਵਾਰ) ਆਪਣੇ 53ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਡੱਲੇਵਾਲ ਦੀ ਸਿਹਤ ਨਾਜ਼ੁਕ ਹੈ, ਉਹਨਾਂ ਨੂੰ ਬੋਲਣ ਵਿੱਚ ਵੀ ਤਕਲੀਫ਼ ਹੈ। 53 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਡੱਲੇਵਾਲ ਦਾ 20 ਕਿਲੋ ਵਜ਼ਨ ਘਟ ਗਿਆ ਹੈ। ਜਿਸ ਸਮੇਂ ਡੱਲੇਵਾਲ ਮਰਨ ਵਰਤ ‘ਤੇ ਬੈਠੇ ਸਨ, ਉਸ ਸਮੇਂ ਉਹਨਾਂ ਦਾ ਭਾਰ 86 ਕਿਲੋ 900 ਗ੍ਰਾਮ ਸੀ, ਜਦੋਂ ਕਿ ਹੁਣ ਇਹ ਘੱਟ ਕੇ 66 ਕਿਲੋ 400 ਗ੍ਰਾਮ ਹੋ ਗਿਆ ਹੈ।
ਇਸ ਦੇ ਨਾਲ ਹੀ ਡੱਲੇਵਾਲ ਦੇ ਸਮਰਥਨ ਵਿੱਚ ਖਨੌਰੀ ਸਰਹੱਦ ‘ਤੇ 111 ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਅੱਜ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਨਾਲ ਬੈਠੇ 111 ਕਿਸਾਨਾਂ ਦਾ ਹਾਲ ਜਾਣਿਆ। ਸਾਬਕਾ ADGP ਜਸਕਰਨ ਸਿੰਘ ਤੇ ਨਰਿੰਦਰ ਭਾਰਗਵ ਨੇ ਭੁੱਖ ਹੜਤਾਲ ਦੇ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਝੰਡੇ ਨਾਲ ਵੀ ਗੱਲਬਾਤ ਕੀਤੀ।
ਦੱਸਣਯੋਗ ਹੈ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਹ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। ਇਸ ਜਥੇ ਵਿੱਚ101 ਕਿਸਾਨ ਸ਼ਾਮਲ ਕੀਤੇ ਜਾਣਗੇ। ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੂਡ ਵਿੱਚ ਨਹੀਂ ਹੈ, ਇਸ ਲਈ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/