Kapurthala News: ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ-ਜ਼ਿਲ੍ਹਾ ਚੋਣ ਅਫਸਰ
21 ਦਸੰਬਰ ਨੂੰ ਲੋਕਾਂ ਵਲੋਂ ਕੀਤਾ ਜਾਵੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
158 ਪੋਲਿੰਗ ਬੂਥ ਸਥਾਪਿਤ, ਇਕ ਹਜ਼ਾਰ ਤੋਂ ਵੱਧ ਕਰਮਚਾਰੀ ਨਿਭਾਉਣਗੇ ਚੋਣ ਡਿਊਟੀ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਆਪਣੇ ਜ਼ਮਹੂਰੀ ਹੱਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ
ਕਪੂਰਥਲਾ, 19 ਦਸੰਬਰ (ਵਿਸ਼ਵ ਵਾਰਤਾ):- ਨਗਰ ਨਿਗਮ ਫਗਵਾੜਾ ਅਤੇ ਨਗਰ ਪੰਚਾਇਤ ਭੁਲੱਥ, ਬੇਗੋਵਾਲ, ਨਡਾਲਾ ਤੇ ਢਿਲਵਾਂ ਦੀਆਂ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। 21 ਦਸੰਬਰ ਨੂੰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ,ਜਦਕਿ ਵੋਟਾਂ ਪੈਣ ਤੋਂ ਤੁਰੰਤ ਬਾਅਦ ਗਿਣਤੀ ਉਪਰੰਤ ਨਤੀਜੇ ਦਾ ਐਲਾਨ ਹੋਵੇਗਾ।
ਨਗਰ ਨਗਰ ਫਗਵਾੜਾ ਵਿਖੇ 173 ਉਮੀਦਵਾਰਾਂ ਵਲੋਂ ਚੋਣ ਲੜੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਢਿਲਵਾਂ ਤੋਂ 22 ਉਮੀਦਵਾਰ, ਨਗਰ ਪੰਚਾਇਤ ਨਡਾਲਾ ਤੋਂ 29, ਨਗਰ ਪੰਚਾਇਤ ਭੁਲੱਥ ਤੋਂ 20 ਅਤੇ ਨਗਰ ਪੰਚਾਇਤ ਬੇਗੋਵਾਲ ਤੋਂ 34 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਚੋਣ ਅਮਲੇ ਦੀ ਸਿਖਲਾਈ, ਤਾਇਨਾਤੀ ਅਤੇ ਸੁਰੱਖਿਆ ਦਸਤਿਆਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਫਗਵਾੜਾ ਨਗਰ ਨਿਗਮ ਦੇ 50 ਵਾਰਡ ਲਈ 110 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੱਥੇ 101374 ਵੋਟਰਾਂ ਵਲੋਂ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰਦਿਆਂ 173 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਇਨ੍ਹਾਂ ਵੋਟਰਾਂ ਵਿਚੋਂ 53555 ਮਰਦ ਅਤੇ 47812 ਮਹਿਲਾਵਾਂ ਹਨ।
ਉਨ੍ਹਾਂ ਦੱਸਿਆ ਕਿ ਫਗਵਾੜਾ ਵਿਖੇ ਚੋਣਾਂ ਲਈ 110 ਪ੍ਰੀਜਾਇਡਿੰਗ ਅਫਸਰ ਅਤੇ 110 ਹੀ ਏ.ਪੀ.ਆਰ.ਓ ਤਾਇਨਾਤ ਕੀਤੇ ਗਏ ਹਨ। ਨਗਰ ਪੰਚਾਇਤ ਢਿਲਵਾਂ ਦੇ 11 ਵਾਰਡਾਂ ਲਈ 11 ਪੋਲਿੰਗ ਬੂਥ ਬਣਾਏ ਗਏ ਹਨ, ਜਦਕਿ ਜਿੱਥੇ 6122 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨਗਰ ਪੰਚਾਇਤ ਬੇਗੋਵਾਲ ਦੇ 13 ਵਾਰਡਾਂ ਲਈ 13 ਪੋਲਿੰਗ ਬੂਥ ਹਨ,ਜਿੱਥੇ 8349 ਵੋਟਰ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਭੁਲੱਥ ਦੇ 13 ਵਾਰਡਾਂ ਲਈ 13 ਪੋਲਿੰਗ ਬੂਥ ਹਨ,ਜਿੱਥੇ 8679 ਵੋਟਰ ਆਪਣੀ ਵੋਟ ਪਾਉਣਗੇ। ਨਗਰ ਪੰਚਾਇਤ ਨਡਾਲਾ ਦੇ 11 ਵਾਰਡਾਂ ਲਈ 11 ਪੋਲਿੰਗ ਬੂਥਾਂ ਦੀ ਸਥਾਪਨਾ ਕੀਤੀ ਗਈ ਹੈ,ਜਿੱਥੇ 5766 ਵੋਟਰ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 158 ਪੋਲਿੰਗ ਬੂਥ ਸਥਾਪਿਤ ਕੀਤੇ ਹਨ। ਇਨ੍ਹਾਂ ਪੋਲਿੰਗ ਬੂਥਾਂ ਤੇ ਤਾਇਨਾਤ ਪੋਲਿੰਗ ਪਾਰਟੀਆਂ ਵਿਚ ਇਕ ਪ੍ਰੀਜਾਇਡਿੰਗ ਅਫਸਰ, ਇਕ ਅਲਟਰਨੇਟਿਵ ਪ੍ਰੀਜਾਇਡਿੰਗ ਅਫਸਰ ਅਤੇ 3 ਪੋਲਿੰਗ ਅਫਸਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਜ਼ਮਹੂਰੀ ਹੱਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ੍ਹ ਕੇ ਵੋਟਾਂ ਵਿਚ ਹਿੱਸਾ ਲੈਣ।