Kapurthala News: ਡਿਪਟੀ ਕਮਿਸ਼ਨਰ ਵਲੋਂ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕਤਾ ਲਈ ਵਿਆਪਕ ਮੁਹਿੰਮ ਵਿੱਢਣ ਦੇ ਹੁਕਮ
ਹਾਈਵੇ ਅਥਾਰਟੀ ਤੇ ਲੋਕ ਨਿਰਮਾਣ ਵਿਭਾਗ ਨੂੰ ਬਲੈਕ ਸਪਾਟਾਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼
18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਸਕੂਲਾਂ ਵਿਚ ਵਾਹਨ ਨਹੀਂ ਲਿਆ ਸਕਣਗੇ
ਕਪੂਰਥਲਾ, 13 ਮਾਰਚ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕਮਾਰ ਪੰਚਾਲ ਨੇ ਟ੍ਰੈਫਿਕ, ਸਿੱਖਿਆ, ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੜਕੀ ਸੁਰੱਖਿਆ ਨਿਯਮਾਂ ਬਾਰੇ ਜਾਗਰੂਕਤਾ ਲਈ ਵਿਆਪਕ ਮੁਹਿੰਮ ਸ਼ੁਰੂ ਕਰਨ ਤਾਂ ਜੋ ਲੋਕਾਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਸੜਕੀ ਆਵਾਜਾਈ ਦੇ ਨਿਯਮਾਂ ਬਾਰੇ ਦੱਸਿਆ ਜਾ ਸਕੇ।
ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਪੰਚਾਲ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਤੇ ਐਮਰਜੈਂਸੀ ਕੇਅਰ ਬਾਰੇ ਵਿਦਿਆਰਥੀਆਂ ਨੂੰ ਟ੍ਰੈਫਿਕ ਮਾਹਿਰ ਜਾਣੂੰ ਕਰਵਾਉਣ। ਇਸ ਤੋਂ ਇਲਾਵਾ ਸੜਕ ਸੁਰੱਖਿਆ ਵਿਸ਼ੇ ਉੱਪਰ ਸੈਮੀਨਾਰ, ਲੈਕਚਰ, ਡਰਾਇੰਗ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਜਾਣ।
ਸ੍ਰੀ ਪੰਚਾਲ ਨੇ ਸਕੂਲ ਪਿ੍ਰੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਸਕੂਲਾਂ ਵਿਚ ਵਾਹਨ ਨਾ ਲੈ ਕੇ ਆਉਣ।
ਸੜਕੀ ਹਾਦਸਿਆਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਵਲੋਂ ਕੌਮੀ ਹਾਈਵੇ ਅਥਾਰਟੀ ਤੇ ਲੋਕ ਨਿਰਮਾਣ ਵਿਭਾਗ ਨੂੰ ਹੁਕਮ ਦਿੱਤੇ ਗਏ ਕਿ ਉਹ ਜਿਲ੍ਹੇ ਵਿਚ ਤਸਦੀਕ ਕੀਤੇ ਗਏ 21 ਬਲੈਕ ਸਪਾਟਾਂ ਨੂੰ ਤੁਰੰਤ ਦੂਰ ਕਰਕੇ ਰਿਪੋਰਟ ਦੇਣ। ਇਸ ਤੋਂ ਇਲਾਵਾ ਨਗਰ ਨਿਗਮਾਂ ਕਪੂਰਥਲਾ ਤੇ ਫਗਵਾੜਾ ਨੂੰ ਨਿਗਮ ਦੇ ਖੇਤਰਾਂ ਅੰਦਰ ਰੋਡ ਸੇਫਟੀ ਨਾਲ ਸਬੰਧਿਤ ਸਾਇਨ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਗਏ। ਨਗਰ ਨਿਗਮਾਂ ਨੂੰ 100 ਫੀਸਦੀ ਸਟਰੀਟ ਲਾਇਟਾਂ ਰਾਤ ਵੇਲੇ ਚਾਲੂ ਰੱਖਣ ਲਈ ਵੀ ਕਿਹਾ ਗਿਆ।
ਸੜਕ ਸੁਰੱਖਿਆ ਫੋਰਸ ਦੀ ਭੂਮਿਕਾ ਨੂੰ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਘਟਾਉਣ ਵਿਚ ਅਹਿਮ ਦੱਸਦਿਆਂ ਸ੍ਰੀ ਪੰਚਾਲ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਹੈਲਪਲਾਇਨ ਨੰਬਰ 112 ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ।
ਉਨ੍ਹਾਂ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਨੂੰ ਕਿਹਾ ਕਿ ਬੱਸ ਸਟੈਂਡ ਕਪੂਰਥਲਾ ਤੇ ਫਗਵਾੜਾ ਦੇ ਨੇੜੇ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਆਟੋ ਰਿਕਸ਼ਾ ਤੇ ਈ-ਰਿਕਸ਼ਾ ਯੂਨੀਅਨਾਂ ਨਾਲ ਮੀਟਿੰਗ ਕਰਕੇ ਯੋਜਨਾਬੰਦੀ ਕੀਤੀ ਜਾਵੇ।
ਜਿਲ੍ਹੇ ਵਿਚ ਹਾਈਟੈਕ ਨਾਕਿਆਂ ਸੁਭਾਨਪੁਰ, ਗੋਇੰਦਵਾਲ ਸਾਹਿਬ, ਢਿਲਵਾਂ ਤੇ ਨਡਾਲਾ ਚੌਂਕ ਵਿਖੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚਾਲੂ ਹਾਲਤ ਵਿਚ ਰੱਖਣਾ ਯਕੀਨੀ ਬਣਾਉਣ ਲਈ ਪੁਲਿਸ ਵਿਭਾਗ ਨੂੰ ਹੁਕਮ ਦਿੱਤੇ ਗਏ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਅਕਸ਼ਿਤਾ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ, ਐਸ.ਡੀ. ਐਮਜ਼ ਜਸ਼ਨਜੀਤ ਸਿੰਘ , ਮੇਜਰ ਇਰਵਿਨ ਕੌਰ, ਡੈਵੀ ਗੋਇਲ, ਪੁਲਿਸ, ਲੋਕ ਨਿਰਮਾਣ ਵਿਭਾਗ, ਸਿੱਖਿਆ, ਸਿਹਤ, ਨਗਰ ਨਿਗਮਾਂ, ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਕਮੇਟੀ ਦੇ ਗੈਰ ਸਰਕਾਰੀ ਮੈਂਬਰ ਵੀ ਹਾਜ਼ਰ ਸਨ।