Kapurthala News: ਡਿਪਟੀ ਕਮਿਸ਼ਨਰ ਵਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਲੋਕਾਂ ਨੂੰ ਰਜਿਸਟਰਡ ਹੋਣ ਦਾ ਸੱਦਾ
ਪ੍ਰਸ਼ਾਸਨ ਦੀਆਂ ਸਰਵੇਖਣ ਟੀਮਾਂ ਨੂੰ ਸਹਿਯੋਗ ਦੇਣ ਦੀ ਅਪੀਲ
ਕਪੂਰਥਲਾ, 18 ਫਰਵਰੀ (ਵਿਸ਼ਵ ਵਾਰਤਾ): ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ(ਗ੍ਰਾਮੀਣ) ਤਹਿਤ ਪੇਂਡੂ ਖੇਤਰਾਂ ਵਿਚ ਕੱਚੇ ਮਕਾਨਾਂ ’ਚ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਸਕੀਮ ਅਧੀਨ ਰਜਿਸਟਰਡ ਕਰਨ ਲਈ ਮੋਬਾਇਲ ਐਪਲੀਕੇਸ਼ਨ ਰਾਹੀਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਸਕੀਮ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਕੁੱਲ 546 ਗ੍ਰਾਮ ਪੰਚਾਇਤਾਂ ਵਿੱਚ 546 ਸਰਵੇਅਰਜ਼ ਹਨ ਅਤੇ ਹਰੇਕ ਪਿੰਡ ਲਈ ਇਕ ਸਰਵੇਅਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਸਕੀਮ ਦਾ ਲਾਭ ਹਰ ਲੋੜਵੰਦ ਪਰਿਵਾਰ ਤੱਕ ਪੁੱਜਦਾ ਕੀਤਾ ਜਾ ਸਕੇ।
ਮੋਬਾਇਲ ਐਪਲੀਕੇਸ਼ਨ ਰਾਹੀਂ ਕਰਵਾਏ ਜਾ ਰਹੇ ਸਰਵੇਖਣ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਚੇ ਮਕਾਨਾ ਦੇ ਸਰਵੇ ਨੂੰ ਪੋਰਟਲ ’ਤੇ ਆਨਲਾਈਨ ਕਰਨ ਦੀ ਆਖਰੀ ਮਿਤੀ 31 ਮਾਰਚ 2025 ਹੈ ਤੇ ਇਸਤੋਂ ਬਾਅਦ ਇਹ ਪੋਰਟਲ ਬੰਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਐਪਲੀਕੇਸ਼ਨ ਦੋ ਮੋਡਜ਼ ਵਿੱਚ ਕੰਮ ਕਰਦੀ ਹੈ- ਅਸਿਸਟਡ ਸਰਵੇ ਅਤੇ ਸੈਲਫ ਸਰਵੇ, ਹੁਣ ਤੱਕ ਜ਼ਿਲ੍ਹਾ ਕਪੂਰਥਲਾ ਵਿੱਚ ਕੁਲ 13 ਸੈੱਲਫ ਸਰਵੇ ਅਤੇ 616 ਅਸਿਸਟਡ ਸਰਵੇ ਰਜਿਸਟਰ ਹੋ ਚੁੱਕੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਸਕੀਮ ਦੀ ਵੈਬਸਾਈਟ https://pmayg.nic.in ’ਤੇ ਉਪਲਬਧ ਹੈ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ- ਆਪਣੇ ਪਿੰਡਾਂ ਵਿੱਚ ਲਗਾਏ ਸਰਵੇਅਰਜ਼ ਦਾ ਸਹਿਯੋਗ ਕਰਨ ਅਤੇ ਪਿੰਡਾਂ ਵਿੱਚ ਕੱਚੇ ਮਕਾਨਾਂ ਵਿੱਚ ਰਹਿੰਦੇ ਸਾਰੇ ਯੋਗ ਪਰਿਵਾਰਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਵਾਉਣਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਤਹਿਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਰਵੇਖਣ ਟੀਮਾਂ ਨੂੰ ਸਹਿਯੋਗ ਦੇਣ।