Kapurthala News: ਗੌਰਵ ਤੂਰਾ ਨੇ ਬਤੌਰ ਐਸ.ਐਸ.ਪੀ. ਅਹੁਦਾ ਸੰਭਾਲਿਆ
ਅਮਨ ਕਾਨੂੰਨ ਵਿਵਸਥਾ ਨੂੰ ਹੋਰ ਪੁਖ਼ਤਾ ਕਰਨਾ ਤੇ ਨਸ਼ੇ ਦੀ ਰੋਕਥਾਮ ਲਈ ਵਡੇਰੇ ਯਤਨ਼ ਹੋਵੇਗਾ ਮੁੱਖ ਟੀਚਾ
ਅਧਿਕਾਰੀਆਂ ਨੂੰ ਡਿਊਟੀ ਸਮਰਪਣ ਭਾਵਨਾ ਨਾਲ ਨਿਭਾਉਣ ਦੇ ਨਿਰਦੇਸ਼
ਕਪੂਰਥਲਾ , 27 ਨਵੰਬਰ (ਵਿਸ਼ਵ ਵਾਰਤਾ):- ਗੌਰਵ ਤੂਰਾ ਆਈ. ਪੀ. ਐਸ. ( 2014 ) ਨੇ ਬਤੌਰ ਐਸ ਐਸ ਪੀ ਕਪੂਰਥਲਾ ਆਪਣਾ ਅਹੁਦਾ ਸੰਭਾਲ ਲਿਆ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਬਤੌਰ ਐਸ ਐਸ ਪੀ ਕਪੂਰਥਲਾ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਨੂੰ ਹੋਰ ਪੁਖ਼ਤਾ ਕਰਨ ਦੇ ਨਾਲ- ਨਾਲ ਨਸ਼ੇ ਦੀ ਰੋਕਥਾਮ ਲਈ ਵਡੇਰੇ ਯਤਨ ਕੀਤੇ ਜਾਣਗੇ ।
ਉਨ੍ਹਾਂ ਕਿਹਾ ਕਿ “ ਨਸ਼ਾ ਤਸਕਰਾਂ ਵਿਰੁੱਧ ਪੂਰੀ ਸਖਤੀ ਨਾਲ ਪੇਸ਼ ਆਇਆ ਜਾਵੇਗਾ ਜਦਕਿ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾਣਗੇ ਤਾਂ ਜੋ ਨਸ਼ਿਆਂ ਦੀ ਰੋਕਥਾਮ ਲਈ ਲੋਕ ਲਹਿਰ ਖੜ੍ਹੀ ਕੀਤੀ ਜਾ ਸਕੇ ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਤੇ ਸਮੂਹ ਐਸ . ਪੀਜ , ਡੀ ਐਸ ਪੀਜ ਤੇ ਹੋਰਨਾਂ ਅਧਿਕਾਰੀਆਂ ਨੇ ਸ੍ਰੀ ਤੂਰਾ ਦਾ ਸਵਾਗਤ ਕੀਤਾ।
ਸ੍ਰੀ ਤੂਰਾ ਨੇ ਸੀਨੀਅਰ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਵੀ ਕੀਤੀ ਤੇ ਜ਼ਿਲ੍ਹੇ ਬਾਰੇ ਜਾਣਕਾਰੀ ਇਕੱਤਰ ਕਰਨ ਦੇ ਨਾਲ-ਨਾਲ ਅਧਿਕਾਰੀਆਂ ਨੂੰ ਡਿਊਟੀ ਪੂਰੀ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਕਿਹਾ ਗਿਆ ।
ਇਸ ਮੌਕੇ ਐਸ ਪੀ ਸਰਬਜੀਤ ਰਾਏ , ਐਸ ਪੀ ਗੁਰਪ੍ਰੀਤ ਸਿੰਘ , ਸਮੂਹ ਡੀ ਐਸ ਪੀਜ ਤੇ ਹੋਰ ਅਧਿਕਾਰੀ ਹਾਜਰ ਸਨ ।