Kapurthala News : ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਪਿੰਡਾਂ ਵਿਚ ਡਟੇ ਅਧਿਕਾਰੀ
ਕਪੂਰਥਲਾ, 3 ਨਵੰਬਰ (ਵਿਸ਼ਵ ਵਾਰਤਾ):- (Kapurthala News) ਪਰਾਲੀ ਨੂੰ ਸਾੜਨ ਦੇ ਮਾਮਲਿਆਂ ਦੀ ਰੋਕਥਾਮ ਲਈ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਅੱਜ ਐਤਵਾਰ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜਿੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਜ਼ਮੀਨ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦਸਿਆ ਗਿਆ ਉੱਥੇ ਹੀ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ਉੱਪਰ ਦਿੱਤੀ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਵੀ ਦੱਸਿਆ ਗਿਆ।
ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਪਰਣਾ ਤੇ ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਵਲੋਂ ਸ਼ਤਾਬਗੜ੍ਹ, ਫਰੀਦ ਸਰਾਏ, ਤਰਫ ਬਹਿਬਲ ਤੇ ਜੱਬੋਵਾਲ ਦੇ ਖੇਤਾਂ ਵਿਚ ਜਾ ਕੇ ਮੌਕੇ ’ਤੇ ਲੱਗੀ ਬੁਝਵਾਈ ਗਈ।
ਅੱਗ ਲਾਉਣ ਵਾਲੇ ਕਿਸਾਨਾਂ ਦੇ ਚਾਲਾਨ ਕੀਤੇ ਗਏ । ਸੁਲਤਾਨਪੁਰ ਲੋਧੀ ਤਹਿਸੀਲ ਵਿਚ ਪਰਾਲੀ ਨੂੰ ਅੱਗ ਲਾਉਣ ਦੇ 32 ਮਾਮਲਿਆਂ ਵਿਚ 2500 ਰੁਪੈ ਤੋਂ ਲੈ ਕੇ 15000 ਰੁਪੈ ਤੱਕ ਚਾਲਾਨ ਕੀਤੇ ਗਏ ਹਨ।
ਐਸ.ਡੀ.ਐਮ. ਕਪੂਰਥਲਾ ਡਾ. ਇਰਵਿਨ ਕੌਰ ਤੇ ਖੇਤੀਬਾੜੀ ਅਫਸਰ ਡਾ. ਬਲਕਾਰ ਸਿੰਘ ਵਲੋਂ ਜਿੱਥੇ ਬਾਮੂਵਾਲ ਤੇ ਰਮੀਦੀ ਪਿੰਡਾਂ ਵਿਚ ਖੇਤਾਂ ਨੂੰ ਲਗਾਈ ਗਈ ਅੱਗ ਬੁਝਵਾਈ ਗਈ ਉੱਥੇ ਹੀ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਵੀ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਦੀ ਅਗਵਾਈ ਹੇਠ ਟੀਮ ਵਲੋਂ ਫਗਵਾੜਾ ਦੇ ਪਿੰਡ ਦਰਵੇਸ਼ , ਜਗਤਪੁਰ ਜੱਟਾਂ, ਭਾਣੌਕੀ, ਨਗਲ ਤੇ ਉੱਚਾ ਪਿੰਡ ਵਿਖੇ ਕਿਸਾਨਾਂ ਵਲੋਂ ਪਰਾਲੀ ਦੇ ਮਲਚਰ ਤੇ ਬੇਲਰ ਰਾਹੀਂ ਕੀਤੇ ਜਾ ਰਹੇ ਨਿਪਟਾਰੇ ਦਾ ਜਾਇਜ਼ਾ ਲਿਆ ਗਿਆ।
ਇਸ ਤੋਂ ਇਲਾਵਾ ਤਹਿਸੀਲਦਾਰ ਫਗਵਾੜਾ ਤੇ ਖੇਤੀਬਾੜੀ ਅਫਸਰ ਪਰਮਜੀਤ ਮਹੇ ਵਲੋਂ ਧੱਕ ਪੰਡੋਰੀ, ਮਾਣਕ, ਵਾਹਿਦ ਤੇ ਬ੍ਰਹਮਪੁਰ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿਚ ਹੀ ਨਿਪਟਾਰੇ ਲਈ ਪ੍ਰੇਰਿਤ ਕੀਤਾ ਗਿਆ।
ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵਲੋਂ ਬੁੱਢਾ ਥੇਹ ਦਾ ਦੌਰਾ ਕੀਤਾ ਗਿਆ ਜਿੱਥੇ ਕਿਸਾਨ ਕੁਲਵੰਤ ਸਿੰਘ ਵਲੋਂ ਨੁਰਪੁਰ ਜੱਟਾਂ ਸਹਿਕਾਰੀ ਸੁਸਾਇਟੀ ਤੋਂ ਖੇਤੀ ਸੰਦ ਲੈ ਕੇ ਪਰਾਲੀ ਨੂੰ ਖੇਤਾਂ ਵਿਚ ਵਾਹਿਆ ਜਾ ਰਿਹਾ ਸੀ।
ਇਸੇ ਤਰ੍ਹਾਂ ਪ੍ਰਵੇਜ ਨਗਰ ਦੇ ਕਿਸਾਨ ਸੰਦੀਪ ਸਿੰਘ , ਜੋ ਕਿ ਸ਼ੇਖੂਪੁਰ ਸੁਸਾਇਟੀ ਤੋਂ ਖੇਤੀ ਸੰਦ ਲੈ ਕੇ ਪਰਾਲੀ ਨੂੰ ਮਲਚਰ ਰਾਹੀਂ ਨਿਪਟਾ ਰਿਹਾ ਸੀ , ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ।