Kapurthala ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਚੁਕਾਉਣਗੇ ਸਹੁੰ
ਕਪੂਰਥਲਾ, 19ਨਵੰਬਰ (ਵਿਸ਼ਵ ਵਾਰਤਾ):- ਕਪੂਰਥਲਾ ਜ਼ਿਲ੍ਹੇ ਵਿਚ ਨਵੇਂ ਚੁਣੇ ਗਏ 3100 ਪੰਚਾਂ ਦਾ ਸਹੁੰ ਚੁੱਕ ਸਮਾਗਮ ਅੱਜ ਅਡੀਸ਼ਨਲ ਯਾਰਡ (ਦਾਣਾ ਮੰਡੀ) ਜੇ.ਜੇ ਫਾਰਮ ਕਪੂਰਥਲਾ ਵਿਖੇ ਹੋਵੇਗਾ, ਜਿੱਥੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਪੰਚਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ।
ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਵਲੋਂ ਬੀਤੇ ਕੱਲ੍ਹ ਯਾਰਡ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 3100 ਦੇ ਕਰੀਬ ਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ, ਜਦਕਿ 546 ਸਰਪੰਚ ਪਹਿਲਾਂ ਹੀ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਮਗ ਵਿਚ ਸਹੁੰ ਲੈ ਚੁੱਕੇ ਹਨ।
ਐਸ.ਐਸ.ਪੀ ਕਪੂਰਥਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਰੱਖਿਆ, ਟ੍ਰੈਫਿਕ ਅਤੇ ਆਵਾਜਾਈ ਦੇ ਪ੍ਰਬੰਧ ਯਕੀਨੀ ਬਣਾਉਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਵਲੋਂ ਸਿਵਲ ਸਰਜਨ ਨੂੰ ਮੈਡੀਕਲ ਟੀਮਾਂ ਅਮਲੇ ਸਮੇਤ ਤਾਇਨਾਤੀ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਸਮਾਗਮ ਲਈ ਟੈਂਟ, ਸਟੇਜ, ਪੰਡਾਲ ਅਤੇ ਪੰਚਾਂ ਲਈ ਚਾਹ-ਪਾਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਪੰਚਾਇਤ ਵਿਭਾਗ ਨੂੰ ਕਿਹਾ ਕਿ ਸੁਚਾਰੂ ਆਵਾਜਾਈ ਲਈ ਲੋੜੀਂਦੇ ਦਿਸ਼ਾ ਸੂਚਕ ਜ਼ਰੂਰ ਲਗਾਏ ਜਾਣ ਤਾਂ ਜੋ ਪੰਚਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਤੋਂ ਇਲ਼ਾਵਾ ਸਮੂਹ ਬੀ.ਡੀ.ਪੀ.ਓਜ਼ ਨੂੰ ਪੰਡਾਲ ਵਿਚ ਬਣਾਏ ਗਏ ਵੱਖ-ਵੱਖ ਬਲਾਕਾਂ ਦੇ ਨੋਡਲ ਅਫਸਰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪਬਲਿਕ ਹੈੱਲਥ ਵਿਭਾਗ ਨੂੰ ਆਰਜ਼ੀ ਪਖਾਨਿਆਂ ਦੀ ਵਿਵਸਥਾ ਕਰਨ ਦੇ ਵੀ ਹੁਕਮ ਦਿੱਤੇ ਗਏ।
ਇਸ ਮੌਕੇ ਐਸ.ਡੀ.ਐਮ. ਡਾ. ਇਰਵਿਨ ਕੌਰ, ਐਸ.ਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ, ਡੀ.ਡੀ.ਪੀ.ਓ.ਸਤੀਸ਼ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸੁਬੇਗ ਸਿੰਘ, ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ, ਐਕਸੀਅਨ ਵਿਸ਼ਾਲ ਜੰਗਰਾਲ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/