Kangana Ranaut ਮਾਣਹਾਨੀ ਮਾਮਲਾ; ਬਠਿੰਡਾ ਅਦਾਲਤ ‘ਚ ਹੋਈ ਸੁਣਵਾਈ
– ਬੇਬੇ ਮਹਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 4 ਦਸੰਬਰ 2025 (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ (Kangana Ranaut) ਬਠਿੰਡਾ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਪੇਸ਼ ਨਹੀਂ ਹੋਈ। ਅਦਾਲਤ ਨੇ ਹੁਣ ਉਸਨੂੰ 15 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਕੰਗਨਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੰਗਨਾ ਇਸ ਸਮੇਂ ਲੋਕ ਸਭਾ ਸੈਸ਼ਨ ਵਿੱਚ ਰੁੱਝੇ ਹੋਣ ਕਾਰਨ ਪੇਸ਼ ਨਹੀਂ ਹੋ ਸਕੀ।
ਕੰਗਣਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਦੇ ਮਾਮਲੇ ’ਚ ਵੀਰਵਾਰ ਨੂੰ ਮਹਿੰਦਰ ਕੌਰ ਅਤੇ ਇਕ ਗਵਾਹ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਦੋਹਾਂ ਦੇ ਬਿਆਨ ਦਰਜ ਕੀਤੇ। ਇਸ ਦੌਰਾਨ ਕੰਗਣਾ ਦੇ ਵਕੀਲ ਨੇ ਅਦਾਲਤ ’ਚ ਅਰਜ਼ੀ ਦੇ ਕੇ ਪੇਸ਼ੀ ਤੋਂ ਛੋਟ ਮੰਗੀ। ਅਦਾਲਤ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੇ ਕਿਹਾ ਕਿ ਉਹ ਭਾਜਪਾ ਸੰਸਦ ਮੈਂਬਰ ਕੰਗਣਾ ਰਨੌਤ ਨੂੰ ਕੋਈ ਮੁਆਫ਼ੀ ਨਹੀਂ ਦੇਵੇਗੀ ਮਹਿੰਦਰ ਕੌਰ ਨੇ ਕਿਹਾ ਕਿ ਉਹ ਅੰਤ ਤੱਕ ਕਨੂੰਨੀ ਲੜਾਈ ਲੜੇਗੀ। ਬਜ਼ੁਰਗ ਔਰਤ ਆਪਣੇ ਪਤੀ ਅਤੇ ਵਕੀਲ ਦੇ ਨਾਲ ਵ੍ਹੀਲਚੇਅਰ ‘ਤੇ ਅਦਾਲਤ ਪਹੁੰਚੀ।
ਦੱਸ ਦਈਏ ਕਿ ਇਹ ਮਾਮਲਾ 2021 ਦਾ ਹੈ। ਮਹਿੰਦਰ ਕੌਰ ਦਾ ਦੋਸ਼ ਹੈ ਕਿ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਵਿਰੁੱਧ ਇੱਕ ਪੋਸਟ ਵਿੱਚ ਕਿਹਾ ਸੀ ਕਿ ਅਜਿਹੀਆਂ ਔਰਤਾਂ ‘100 -100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਆਉਂਦੀਆਂ ਹਨ’। ਮਹਿੰਦਰ ਕੌਰ ਨੇ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਬੀਤੀ 27 ਅਕਤੂਬਰ ਨੂੰ ਕੰਗਨਾ ਰਣੌਤ ਇਸ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ। ਇਸ ਤੋਂ ਬਾਅਦ, 24 ਨਵੰਬਰ ਨੂੰ ਸੁਣਵਾਈ ਦੌਰਾਨ, ਕੰਗਨਾ ਵਿਰੁੱਧ ਦੋਸ਼ ਤੈਅ ਕੀਤੇ ਗਏ। ਹੁਣ ਕੇਸ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























