Jammu Kashmir : ਉਮਰ ਅਬਦੁੱਲਾ ਹੋਣਗੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ : ਫ਼ਾਰੁਖ਼ ਅਬਦੁੱਲਾ
ਜੰਮੂ, 8ਅਕਤੂਬਰ (ਵਿਸ਼ਵ ਵਾਰਤਾ): ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗੱਠਜੋੜ ਸਰਕਾਰ ਬਣਾਉਣ ਜਾ ਰਹੇ ਹਨ। ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਨੈਸ਼ਨਲ ਕਾਨਫਰੰਸ ਨੂੰ 42 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ। ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪੀਡੀਪੀ ਨੂੰ 3 ਸੀਟਾਂ ਮਿਲੀਆਂ ਹਨ। ਇੱਕ-ਇੱਕ ਸੀਟ ਆਮ ਆਦਮੀ ਪਾਰਟੀ, ਜੇਪੀਸੀ ਅਤੇ ਸੀਪੀਆਈ (ਐਮ) ਨੂੰ ਮਿਲੀ। 7 ਆਜ਼ਾਦ ਵੀ ਜਿੱਤੇ ਹਨ । 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ (ਬਡਗਾਮ ਅਤੇ ਗੰਦਰਬਲ) ‘ਤੇ ਚੋਣ ਲੜੀ ਅਤੇ ਦੋਵੇਂ ਹੀ ਜਿੱਤੀਆਂ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਸ਼੍ਰੀਗੁਫਵਾੜਾ-ਬਿਜਬੇਹਾਰਾ ਸੀਟ ਤੋਂ ਹਾਰ ਗਈ ਹੈ। ਉਸਨੇ ਕਿਹਾ- ਮੈਂ ਲੋਕਾਂ ਦਾ ਫੈਸਲਾ ਸਵੀਕਾਰ ਕਰਦੀ ਹਾਂ। ਦੂਜੇ ਪਾਸੇ ਨੌਸ਼ਹਿਰਾ ਸੀਟ ਤੋਂ ਹਾਰਨ ਤੋਂ ਬਾਅਦ ਰਵਿੰਦਰ ਰੈਨਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੰਮੂ-ਕਸ਼ਮੀਰ ‘ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ‘ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ 2014 ‘ਚ ਹੋਈਆਂ ਚੋਣਾਂ ‘ਚ 65 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ 1.12% ਘੱਟ ਵੋਟਿੰਗ ਹੋਈ।