ਭਗਵੰਤ ਮਾਨ ਨੇ ਜਲੰਧਰ ਕੈਂਟ ਦੇ ਰੋਇਲ ਇਸਟੇਟ ‘ਚ ਕਿਰਾਏ ਤੇ ਲਈ ਕੋਠੀ, ਤਿੰਨ ਸਾਲ ਲਈ ਕੀਤਾ ਐਗਰੀਮੈਂਟ
ਜਲੰਧਰ 24 ਜੂਨ (ਵਿਸ਼ਵ ਵਾਰਤਾ) : ਜਲੰਧਰ ਪੱਛਮੀ ਜਿਮਨੀ ਚੋਣਾਂ (JALANDHAR WEST BY ELECTIONS) ਦੇ ਲਈ ਪ੍ਰਚਾਰ ਦਾ ਅਖਾੜਾ ਭੱਖ ਚੁੱਕਿਆ ਹੈ। ਸੀਐਮ ਭਗਵੰਤ ਮਾਨ ( CM BHAGWANT MANN )ਜਲੰਧਰ ਪੱਛਮੀ ਦੀ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਸੂਤਰਾਂ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਹੈ ਕਿ, ਸੀਐਮ ਭਗਵੰਤ ਮਾਨ ਨੇ ਜਲੰਧਰ ਕੈਂਟ ਦੇ ਰੋਇਲ ਇਸਟੇਟ ਇਲਾਕੇ ਦੇ ਵਿੱਚ ਕਿਰਾਏ ਤੇ ਕੋਠੀ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ, ਸੀਐਮ ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਹੋਣ ਤੱਕ ਪਰਿਵਾਰ ਸਮੇਤ ਇਸੇ ਕੋਠੀ ਦੇ ਵਿੱਚ ਰਹਿਣਗੇ। ਸੂਤਰਾਂ ਮੁਤਾਬਕ ਇਸ ਕੋਠੀ ਦਾ ਤਿੰਨ ਸਾਲ ਦਾ ਰੈਂਟ ਐਗਰੀਮੈਂਟ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਛੱਡ ਕੇ ਆਏ ਉਮੀਦਵਾਰ ਮਹਿੰਦਰ ਭਗਤ ਨੂੰ ਜਲੰਧਰ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਹਿੰਦਰ ਭਗਤ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਜਲੰਧਰ ਪੱਛਮੀ ਹਲਕੇ ਤੋਂ ਹੀ ਲੜੇ ਸਨ। ਪਰ ਪਿਛਲੀ ਵਾਰ ਉਹਨਾਂ ਨੂੰ ਬੀਜੇਪੀ ਵੱਲੋਂ ਟਿਕਟ ਦਿੱਤੀ ਗਈ ਸੀ। ਪਿਛਲੀ ਵਾਰ ਮਹਿੰਦਰ ਭਗਤ ਨੂੰ ਪ੍ਰਾਪਤ ਹੋਈਆਂ ਕੁੱਲ ਵੋਟਾਂ ਦਾ ਜੇਤੂ ਉਮੀਦਵਾਰ ਨਾਲੋਂ ਫਰਕ ਬੇਹਦ ਥੋੜਾ ਸੀ। ਇਸ ਕਰਕੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਮਹਿੰਦਰ ਭਗਤ ਦਾ ਆਪਣਾ ਇੱਕ ਆਧਾਰ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਭਗਵੰਤ ਮਾਨ ਖੁਦ ਜਲੰਧਰ ਪੱਛਮੀ ਸੀਟ ਤੇ ਵੱਡਾ ਸਿਆਸੀ ਇੰਟਰਸਟ ਦਿਖਾ ਰਹੇ ਹਨ। ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਜਲੰਧਰ ਵਿੱਚ ਕੋਠੀ ਕਿਰਾਏ ਤੇ ਲਏ ਜਾਣ ਨੂੰ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ, ਉਹ ਜਲੰਧਰ ਚ ਕੋਠੀ ਜਰੂਰ ਲੈਣਗੇ। ਪਰ ਸਿਰਫ ਜਲੰਧਰ ਪੱਛਮੀ ਦੀਆਂ ਚੋਣਾਂ ਤੱਕ ਨਹੀਂ, ਬਲਕਿ ਉਹ ਇਸ ਕੋਠੀ ਨੂੰ ਆਪਣਾ ਖੇਤਰੀ ਦਫਤਰ ਬਣਾ ਲੈਣਗੇ, ਅਤੇ ਬਤੌਰ ਮੁੱਖ ਮੰਤਰੀ ਉਹ ਇਲਾਕੇ ਦੇ ਜਰੂਰੀ ਕੰਮ ਇਸੇ ਦਫਤਰ ਦੇ ਵਿੱਚ ਕਰਿਆ ਕਰਨਗੇ।