ਭਲ਼ਕੇ ਤੋਂ ਜਲੰਧਰ ‘ਚ ਪੱਕਾ ਡੇਰਾ ਲਗਾਉਣਗੇ ਭਗਵੰਤ ਮਾਨ
ਜਲੰਧਰ 22 ਜੂਨ ਵਿਸ਼ਵ ਵਾਰਤਾ : ਜਲੰਧਰ ਪੱਛਮੀ ਦੀ ਜਿਮਨੀ ਚੋਣ (JALANDHAR WEST BY ELECTIONS )ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰੇ ਜਾਣ ਦਾ ਕੰਮ ਪੂਰਾ ਹੋ ਚੁੱਕਾ ਹੈ। ਅਜਿਹੇ ਵਿਚ ਸਿਆਸੀ ਪਾਰਟੀਆਂ ਹੁਣ ਚੋਣ ਪ੍ਰਚਾਰ ਦੇ ਵਿੱਚ ਜੁਟਣਗੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( CM BHAGWANT SINGH MANN )ਵੀ ਜਲੰਧਰ ਪੱਛਮੀ ਜਿਮਨੀ ਚੋਣ ਦੇ ਲਈ ਪ੍ਰਚਾਰ ਕਰਨਗੇ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ, ਸੀਐਮ ਜਲੰਧਰ ( JALANDHAR )ਪੱਛਮੀ ਇਲਾਕੇ ਦੇ ਵਿੱਚ ਰਹਿ ਕੇ ਖੁਦ ਚੋਣ ਪ੍ਰਚਾਰ ਮੁਹਿੰਮ ਦੇ ਵਿੱਚ ਹਿੱਸਾ ਲੈਣਗੇ। ਸੀਐਮ ਮਾਨ ਨੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਇੱਕ ਕੋਠੀ ਵੀ ਕਿਰਾਏ ‘ਤੇ ਲਈ ਹੈ। ਸੀਐਮ ਹਲਕੇ ਵਿੱਚ ਪੱਕਾ ਡੇਰਾ ਲਗਾਉਣਗੇ। ਸੀਐਮ ਵੱਲੋਂ ਭਲਕੇ ਤੋਂ ਚੋਣ ਪ੍ਰਚਾਰ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਹ ਖਬਰ ਵੀ ਸਾਹਮਣੇ ਆਈ ਹੈ ਕਿ ਸੀਐਮ ਦੇ ਨਾਲ ਵਿਧਾਇਕ ਅਤੇ ਮੰਤਰੀ ਵੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਦੇ ਲਈ ਪੂਰਾ ਜ਼ੋਰ ਲਗਾਉਣਗੇ। ਭਗਵੰਤ ਮਾਨ ਖੁਦ ਜਲੰਧਰ ਪੱਛਮੀ ਹਲਕੇ ਦੀ ਚੋਣ ਪ੍ਰਚਾਰ ਦੀ ਕਮਾਨ ਸੰਭਾਲਣਗੇ। 28 ਮਾਰਚ 2024 ਨੂੰ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਅੰਗੁਰਾਲ ਨੇ ਬੀਜੇਪੀ ਜੁਆਇਨ ਕਰ ਲਈ ਸੀ ਤੋਂ ਬਾਅਦ 1 ਜੂਨ ਨੂੰ ਸ਼ੀਤਲ ਅੰਗੂਰਾਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਪੱਤਰ ਵੀ ਲਿਖਿਆ ਸੀ। ਪਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਸ਼ੀਤਲ ਅੰਗਰਾਲ ( SHEETAL ANUGRAL ) ਹੁਣ ਦੁਬਾਰਾ ਫੇਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਲਈ ਚੋਣਾਂ ਲੜ ਰਹੇ ਹਨ। ਪਰ ਇਸ ਵਾਰ ਬੀਜੇਪੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ। ਪਿਛਲੀ ਵਾਰ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਸਨ। ਆਮ ਆਦਮੀ ਪਾਰਟੀ ਨੇ ਇਸ ਵਾਰ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਜਲੰਧਰ ਪੱਛਮੀ ਸੀਟ ਤੋਂ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਵਿੱਚ ਸ਼ੀਤਲ ਅੰਗੁਰਾਲ 39,213 ਵੋਟਾਂ ਹਾਸਲ ਕਰਕੇ ਜੇਤੂ ਰਹੇ ਸਨ। ਪਿਛਲੀ ਵਾਰ ਕਾਂਗਰਸ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਉਮੀਦਵਾਰ ਸਨ ਰਿੰਕੂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 34,960 ਵੋਟਾਂ ਹਾਸਲ ਕੀਤੀਆਂ ਸਨ। ਮਹਿੰਦਰ ਭਗਤ ਜਿਨਾਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਪਿਛਲੀ ਵਾਰ ਉਹਨਾਂ ਨੇ ਇਹ ਚੋਣ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੀ ਟਿਕਟ ਤੇ ਲੜੀ ਸੀ। ਮੁਹਿੰਦਰ ਭਗਤ ਨੂੰ ਪਿਛਲੀ ਵਾਰ 33486 ਵੋਟਾਂ ਹਾਸਲ ਹੋਈਆਂ ਸਨ। ਪਿਛਲੀਆਂ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਰ ਦਾ ਫੈਸਲਾ ਹੋਇਆ ਸੀ। ਦੂਜੇ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਉਮੀਦਵਾਰਾਂ ਦੀਆਂ ਵੋਟਾਂ ਦੇ ਵਿੱਚ ਵੀ ਬਹੁਤ ਘੱਟ ਅੰਤਰ ਸੀ। ਸੋ ਇਸ ਵਾਰ ਦਾ ਇਹ ਮੁਕਾਬਲਾ ਸਖਤ ਮੰਨਿਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਚੋਣਾਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾਉਣਗੇ ਉੱਥੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਪੂਰਾ ਜ਼ੋਰ ਲਗਾਇਆ ਜਾਵੇਗਾ। ਕਾਂਗਰਸ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਅਤੇ ਕੇਂਦਰੀ ਕਮਾਂਡ ਦੇ ਆਗੂ ਵੀ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਸਕਦੇ ਹਨ।