Jalandhar West By-election: ਪ੍ਰਚਾਰ ਦਾ ਆਖ਼ਰੀ ਦਿਨ ਆਪ, ਭਾਜਪਾ, ਕਾਂਗਰਸ, ਬਸਪਾ ਤੇ ਹੋਰਨਾਂ ਨੇ ਲਗਾਇਆ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ
10 ਜੁਲਾਈ ਨੂੰ ਪੈਣਗੀਆਂ ਵੋਟਾਂ
ਜਲੰਧਰ ਦਾ ਕੌਣ ਹੋਵੇਗਾ ਸਿਕੰਦਰ ਪਤਾ ਲੱਗੂ 13 ਜੁਲਾਈ ਨੂੰ
ਜਲੰਧਰ 8ਜੁਲਾਈ (ਵਿਸ਼ਵ ਵਾਰਤਾ)Jalandhar West By-election: : ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। ਸੀਐਮ ਮਾਨ ਨੇ ਹਰ ਹੀਲੇ ਇਹ ਸੀਟ ਜਿੱਤਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਭਗਵੰਤ ਮਾਨ ਨੇ ਖਾਸ ਤੌਰ ਤੇ ਇਸ ਚੋਣ ਦੇ ਮੱਦੇ ਨਜ਼ਰ ਜਲੰਧਰ ਵਿੱਚ ਕੋਠੀ ਲਈ ਹੈ, ਅਤੇ ਪਰਿਵਾਰ ਸਮੇਤ ਇੱਥੇ ਹੀ ਰਹਿ ਰਹੇ ਹਨ, ਨਾ ਸਿਰਫ ਭਗਵੰਤ ਮਾਨ ਬਲਕਿ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਚੋਣ ਪ੍ਰਚਾਰ ਦੇ ਵਿੱਚ ਸਹਾਇਤਾ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਅਤੇ ਕੈਬਨਟ ਮੰਤਰੀ ਵੀ ਹਲਕੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ। ਦਿੱਲੀ ਤੋਂ ਖਾਸ ਤੌਰ ਤੇ ਸੰਜੇ ਸਿੰਘ ਨੇ ਵੀ ਆ ਕੇ ਜਲੰਧਰ ਵਿੱਚ ਪ੍ਰਚਾਰ ਕੀਤਾ ਹੈ। ਸੀਐਮ ਭਗਵੰਤ ਮਾਨ ਆਪ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਕੇ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੇ ਇਸ ਆਖਰੀ ਦੌਰ ਦੇ ਵਿੱਚ ਪੂਰਾ ਲਾਹਾ ਲੈਣਾ ਚਾਹੁੰਦੀ ਹੈ, ਤੇ ਇਹ ਸੀਟ ਕਿਸੇ ਵੀ ਹਾਲਤ ਦੇ ਵਿੱਚ ਗਵਾਉਣਾ ਨਹੀਂ ਚਾਹੁੰਦੀ। ਅੱਜ ਸੋਮਵਾਰ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਅਜਿਹੇ ਵਿੱਚ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਅਤੇ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ। ਜਿੱਥੇ ਇੱਕ ਪਾਸੇ ਇਸ ਪ੍ਰਚਾਰ ਦੌਰਾਨ ਸੀਐਮ ਭਗਵੰਤ ਮਾਨ ਨੂੰ ਲੋਕਾਂ ਦਾ ਸਾਥ ਅਤੇ ਹੁਲਾਰਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਉੱਥੇ ਹੀ ਇੱਕ ਦੋ ਜਗ੍ਹਾ ਤੇ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਧਿਰਾਂ ਵੱਲੋਂ ਰੋਸ ਮੁਜ਼ਾਹਰੇ ਵੀ ਕੀਤੇ ਗਏ ਹਨ। ਹਾਲਾਂਕਿ ਮੁੱਖ ਮੰਤਰੀ ਨੇ ਇਹਨਾਂ ਸਾਰੇ ਪ੍ਰਦਰਸ਼ਨਕਾਰੀਆਂ ਦੇ ਨਾਲ ਵਾਰੋ ਵਾਰੀ ਮੀਟਿੰਗਾਂ ਕਰਕੇ ਉਹਨਾਂ ਨੂੰ ਮਸਲੇ ਹੱਲ ਹੋਣ ਦਾ ਭਰੋਸਾ ਦਿੱਤਾ ਹੈ । ਮੁੱਖ ਮੰਤਰੀ ਇਨੀ ਦਿਨੀ ਜਲੰਧਰ ਵਿੱਚ ਹਨ ਇਸੇ ਕਰਕੇ ਪਾਰਟੀ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਜਲੰਧਰ ਬਣਿਆ ਹੋਇਆ ਹੈ। ਪਾਰਟੀ ਦੇ ਕਈ ਵੱਡੇ ਆਗੂ ਜਲੰਧਰ ਦੇ ਵਿੱਚ ਇਨੀ ਦਿਨੀ ਵਿਚਰਦੇ ਹੋਏ ਦਿਖਾਈ ਦਿੱਤੇ ਹਨ ,ਇਸ ਮੁਕਾਬਲੇ ਦੇ ਵਿੱਚ ਤਿੰਨ ਮੁੱਖ ਪਾਰਟੀਆਂ ਉਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਅਤੇ ਬੀਜੇਪੀ ਵੱਲੋਂ ਵੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਪੂਰੀ ਵਾਹ ਲਗਾਈ ਗਈ ਹੈ। ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਚੋਣ ਪ੍ਰਚਾਰ ਦੌਰਾਨ ਇਹ ਕਹਿੰਦੇ ਹੋਏ ਨਜ਼ਰ ਆਏ ਹਨ ਕਿ, ਮੁਕਾਬਲਾ ਸੱਚ ਤੇ ਝੂਠ ਦੇ ਵਿਚਕਾਰ ਦਾ ਹੈ ਉਹਨਾਂ ਕਿਹਾ ਕਿ ਉਹ ਸੱਚੇ ਹਨ ਅਤੇ ਸੱਚ ਦਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਚੋਣ ਪ੍ਰਚਾਰ ਵੇਲੇ ਉਹਨਾਂ ਆਮ ਆਦਮੀ ਪਾਰਟੀ ਦੇ ਉੱਪਰ ਅਪਰਾਧਿਕ ਪਿੱਠ ਭੂਮੀ ਵਾਲੇ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਸ਼ੀਤਲ ਅੰਗੂਰਾਲ ਨੇ ਦਾਅਵਾ ਕੀਤਾ ਕਿ, ਉਹ ਸੱਚੇ ਹਨ ਅਤੇ ਲੋਕ ਸੱਚ ਨੂੰ ਹੀ ਜਿਤਾਉਣਗੇ । ਉਧਰ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਹਲਕੇ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਦੇ ਚੋਣ ਪ੍ਰਚਾਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਮੂਲੀਅਤ ਕਰ ਰਹੇ ਹਨ। ਇਸ ਕਰਕੇ ਕਾਂਗਰਸ ਪਾਰਟੀ ਵੀ ਮੁਕਾਬਲੇ ਦੇ ਵਿੱਚ ਨਜ਼ਰ ਆ ਰਹੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਜਿੱਤੇ ਸਨ। ਇਸ ਕਰਕੇ ਕਾਂਗਰਸ ਨੂੰ ਵੀ ਆਪਣੇ ਜਿੱਤਣ ਦਾ ਪੂਰਾ ਭਰੋਸਾ ਹੈ ਤੇ ਕਾਂਗਰਸ ਇਸ ਲੀਡ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਉਧਰ ਸੀਐਮ ਭਗਵੰਤ ਮਾਨ ਇੱਕ ਤੋਂ ਬਾਅਦ ਇੱਕ ਲਗਾਤਾਰ ਜਲੰਧਰ ਪੱਛਮੀ ਹਲਕੇ ਦੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਰਹੇ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਦਾ ਆਧਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਭਗਵੰਤ ਮਾਨ ਪ੍ਰਚਾਰ ਦੇ ਇਸ ਆਖਰੀ ਦਿਨ ਵੀ ਪੂਰਾ ਲਾਹਾ ਲੈਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਇਹ ਸੀਟ ਜਿੱਤਣਾ ਚਾਹੁੰਦੇ ਹਨ। ਉਧਰੋਂ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰਿਤ ਉਮੀਦਵਾਰ ਤਾਂ ਚੋਣ ਮੈਦਾਨ ਦੇ ਵਿੱਚ ਹੈ। ਪਰ ਪਾਰਟੀ ‘ਚ ਧੜੇਬੰਦੀ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ ਗਈ ਹੈ। ਜਲੰਧਰ ਪੱਛਮੀ ਦੀ ਇਹ ਸੀਟ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਜਿੱਤੇ ਚਰਨਜੀਤ ਸਿੰਘ ਚੰਨੀ ਦੇ ਵੱਕਾਰ ਦਾ ਵੀ ਸਵਾਲ ਬਣੀ ਹੋਈ ਹੈ। ਕਾਂਗਰਸ ਪਾਰਟੀ ਨੂੰ ਲੱਗਦਾ ਹੈ ਕਿ, ਕਾਂਗਰਸ ਨੂੰ ਵੱਡੀ ਲੀਡ ਮਿਲੀ ਸੀ। ਜਿਸਦਾ ਲਾਹਾ ਉਸਨੂੰ ਇਸ ਜਿਮਨੀ ਚੋਣ ਦੇ ਵਿੱਚ ਵੀ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਹਲਕੇ ਦੇ ਵਿੱਚ 181 ਪੋਲਿੰਗ ਸਟੇਸ਼ਨ ਹਨ ਇਹਨਾਂ ਚੋਣਾਂ ਦੌਰਾਨ 1.72 ਲੱਖ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ 10 ਜੁਲਾਈ ਨੂੰ ਸਵੇਰੇ 7 ਵਜੇ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ ਕਿ ਸ਼ਾਮ 6 ਵਜੇ ਤੱਕ ਚੱਲੇਗੀ। ਇਹਨਾਂ ਚੋਣਾਂ ਦਾ ਨਤੀਜਾ 13 ਜੁਲਾਈ ਨੂੰ ਆਵੇਗਾ। ਜਲੰਧਰ ਚੋਣ ਕਰਕੇ ਪੰਜਾਬ ਸਰਕਾਰ ਦਾ ਕੰਮ ਵੀ ਹੌਲੀ ਚਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਦੇ ਵੱਡੇ ਮੰਤਰੀਆਂ ਅਤੇ ਮੁੱਖ ਮੰਤਰੀ ਦਾ ਧਿਆਨ ਵੀ ਇਸ ਵੇਲੇ ਚੋਣ ਦੇ ਵਿੱਚ ਕੇਂਦਰਿਤ ਹੈ। ਸਾਰੇ ਵੱਡੇ ਆਗੂਆਂ ਅਤੇ VVIP ਨੇ ਜਲੰਧਰ ਡੇਰੇ ਲਗਾਏ ਹੋਏ ਹਨ।
ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ ਸਿਰਫ ਜਲੰਧਰ ਵਿੱਚ ਹੀ ਜਿਮਨੀ ਚੋਣਾਂ ਨਹੀਂ ਹੋ ਰਹੀਆਂ,ਬਲਕਿ ਭਾਰਤੀ ਚੋਣ ਕਮਿਸ਼ਨ ਵੱਲੋਂ 10 ਜੁਲਾਈ ਨੂੰ ਦੇਸ਼ ਦੇ 7 ਰਾਜਾਂ ਦੇ ਵਿੱਚ 13 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਹਨ। ਬਿਹਾਰ ਦੀ ਇੱਕ ਸੀਟ ਤੇ ਚੋਣ ਹੋ ਰਹੀ ਹੈ,ਜਦਕਿ ਬੰਗਾਲ ਦੀਆਂ 4 ਸੀਟਾਂ ਤੇ ਜਿਮਨੀ ਚੋਣ ਹੋ ਰਹੀ ਹੈ। ਤਮਿਲਨਾਡੂ ਅਤੇ ਮੱਧ ਪ੍ਰਦੇਸ਼ ਦੀ 1-1 ਸੀਟ ਦੇ ਉੱਤੇ ਚੋਣ ਹੋ ਰਹੀ ਹੈ। ਜਦਕਿ ਉੱਤਰਾਖੰਡ ਦੇ ਵਿੱਚ 2 ਅਤੇ ਪੰਜਾਬ ਦੇ ਵਿੱਚ 1 ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 3 ਵਿਧਾਨ ਸਭਾ ਸੀਟਾਂ ਤੇ ਇਹ ਚੋਣਾਂ ਹੋ ਰਹੀਆਂ ਹਨ। ਇਹਨਾਂ ਜ਼ਿਮਨੀ ਚੋਣਾਂ ਦੇ ਸੰਬੰਧ ਦੇ ਵਿੱਚ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਰੀਕ 21 ਜੂਨ ਸੀ, ਅਤੇ ਇਹਨਾਂ ਸਾਰੀਆਂ ਵਿਧਾਨ ਸਭਾ ਸੀਟਾਂ ਦੀ ਜਿਮਨੀ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। 7 ਰਾਜਾਂ ਦੇ ਵਿੱਚ ਹੋਣ ਜਾ ਰਹੀਆਂ ਇਨਾਂ ਜਿਮਨੀ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਅੱਜ ਬੰਦ ਹੋ ਰਿਹਾ ਹੈ। ਇਹਨਾਂ ਚੋਣਾਂ ਦਾ ਨਤੀਜਾ 13 ਜੁਲਾਈ ਨੂੰ ਆਵੇਗਾ। ਨਾ ਸਿਰਫ ਜਲੰਧਰ ਦੇ ਵਸਨੀਕਾਂ ਨੂੰ ਬਲਕਿ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਇਹਨਾਂ ਜਿਮਨੀ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਰਹੇਗਾ।