Jalandhar : ਨਿਊਜ਼ ਲਿੰਕਰਜ਼ ਟੀ.ਵੀ ਜਲੰਧਰ ਦੇ ਯੋਗੇਸ਼ ਸੂਰੀ ਨੇ ਜਲੰਧਰ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ‘ਤੇ ਐਫਆਈਆਰ ਦਰਜ ਨਾ ਕਰਨ ਦਾ ਲਗਾਇਆ ਦੋਸ਼
ਜਲੰਧਰ,4ਸਤੰਬਰ(ਵਿਸ਼ਵ ਵਾਰਤਾ)Jalandhar : News Linkers TV ਸੰਪਾਦਕ ਯੋਗੇਸ਼ ਸੂਰੀ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧੀਨ ਸਾਈਬਰ ਕ੍ਰਾਈਮ ਸੈੱਲ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਲੰਧਰ ਪੁਲਸ ਉਨ੍ਹਾਂ ਦੇ ਚੈਨਲ ਦਾ ਅਧਿਕਾਰਤ ਫੇਸਬੁੱਕ ਪੇਜ ਹੈਕ ਕਰਨ ਵਾਲੇ ਹੈਕਰ ਖਿਲਾਫ ਐੱਫਆਈਆਰ ਦਰਜ ਨਹੀਂ ਕਰ ਰਹੀ ਅਤੇ ਨਾ ਹੀ ਉਨ੍ਹਾਂ ਦੀ ਸ਼ਿਕਾਇਤ ਦਾ ਕੋਈ ਤਸੱਲੀਬਖਸ਼ ਜਵਾਬ ਦੇ ਰਹੀ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਸੂਰੀ ਨੇ ਦੱਸਿਆ ਕਿ 11 ਜੁਲਾਈ ਨੂੰ ਉਨ੍ਹਾਂ ਦੇ ਚੈਨਲ ਦਾ ਅਧਿਕਾਰਤ ਫੇਸਬੁੱਕ ਪੇਜ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਹੈਕ ਕਰ ਲਿਆ। ਇਸ ਸਬੰਧੀ ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਗਈ, ਜਿਸ ’ਤੇ ਉਨ੍ਹਾਂ ਕਾਰਵਾਈ ਲਈ ਸਾਈਬਰ ਕਰਾਈਮ ਦੇ ਏਸੀਪੀ ਅਸ਼ੋਕ ਕੁਮਾਰ ਨੂੰ ਮਾਰਕ ਕੀਤਾ। ਸ੍ਰੀ ਸੂਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਾਈਬਰ ਕ੍ਰਾਈਮ ਸੈੱਲ ਨੂੰ ਜਾਣਕਾਰੀ ਦਿੱਤੀ ਸੀ ਕੀ ਉਨ੍ਹਾਂ ਦਾ ਚੈਨਲ ਪਾਕਿਸਤਾਨ ਦੇ ‘ਸ਼ਾਹਰ ਯਾਰ ਖਾਨ’ ਨਾਂ ਦੇ ਵਿਅਕਤੀ ਵੱਲੋਂ ਹੈਕ ਕਿਤਾ ਗਿਆ ਹੈ। ਸਾਈਬਰ ਕ੍ਰਾਈਮ ਸੈੱਲ ਵਲੋਂ ਉਕਤ ਵਿਅਕਤੀ ਦੀ ਮੇਲ ਆਈਡੀ ਅਤੇ ਫ਼ੋਨ ਨੰਬਰ ਸਮੇਤ ਸਾਰੇ ਤੱਥ ਇਕੱਠੇ ਕੀਤੇ ਗਏ ਅਤੇ ਇਸ ਦੌਰਾਨ ਏ.ਸੀ.ਪੀ ਅਸ਼ੋਕ ਕੁਮਾਰ ਅਤੇ ਸਾਈਬਰ ਸੇਲ ਦੇ ਅਧਿਕਾਰੀ ਸੂਰੀ ਨੂੰ ਵਾਰ-ਵਾਰ ਫ਼ੋਨ ਕਰਕੇ ਕਦੇ ਸਾਈਬਰ ਕਰਾਈਮ ਸੈੱਲ ਦੇ ਦਫ਼ਤਰ ਅਤੇ ਕਦੇ ਏ.ਸੀ.ਪੀ ਦਫ਼ਤਰ ਬੁਲਾਂਦੇ ਰਹੇ।
ਕਾਫੀ ਦੇਰ ਬਾਅਦ ਏ.ਸੀ.ਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਮਾਮਲਾ ਪਾਕਿਸਤਾਨ ਨਾਲ ਸਬੰਧਤ ਹੋਣ ਕਾਰਨ ਉਹ ਅੱਗੇ ਦੀ ਜਾਂਚ ਕਰਨ ਤੋਂ ਅਸਮਰੱਥ ਹਨ, ਇਸ ਲਈ ਅਸੀਂ ਤੁਹਾਡੇ ਬਿਆਨਾਂ ‘ਤੇ ਐਫਆਈਆਰ ਦਰਜ ਕਰ ਰਹੇ ਹਾਂ। ਜਿਸ ਦੀ ਜਾਣਕਾਰੀ ਤੁਹਾਨੂੰ ਫੋਨ ‘ਤੇ ਦਿੱਤੀ ਜਾਵੇਗੀ। ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਾਈਬਰ ਕ੍ਰਾਈਮ ਸੇਲ ਵਲੋ ਮਾਮਲੇ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਯੋਗੇਸ਼ ਸੂਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਖ਼ਰਕਾਰ 19 ਜੁਲਾਈ ਨੂੰ ਆਰਟੀਆਈ ਰਾਹੀਂ ਐਫਆਈਆਰ ਜਾਂ ਸੂਚਨਾ ਦੇ ਅਧਿਕਾਰ ਤਹਿਤ ਕੀਤੀ ਕਾਰਵਾਈ ਬਾਰੇ ਜਾਣਕਾਰੀ ਮੰਗੀ ਤਾਂ ਇਸ ਮਾਮਲੇ ਸਬੰਧੀ ਆਰਟੀਆਈ ਦੇ ਜਵਾਬ ਵਿੱਚ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਗਿਆ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਮਾਮਲਾ ਵਿਚਾਰ ਅਧੀਨ ਹੈ। ਹੈ। ਸ੍ਰੀ ਸੂਰੀ ਨੇ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਯੋਗੇਸ਼ ਸੂਰੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਉਨ੍ਹਾਂ ਦਾ ਚੈਨਲ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਹ ਸ਼ਿਵ ਸੈਨਾ ਟਕਸਾਲੀ ਦਾ ਰਾਸ਼ਟਰੀ ਬੁਲਾਰਾ ਵੀ ਹੈ, ਜਿਸ ਕਾਰਨ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਕਾਲ ਅਤੇ ਮੈਸੇਜ ਆਉਂਦੇ ਰਹਿੰਦੇ ਹਨ ਅਤੇ ਉਸਦਾ ਚੈਨਲ ਹੈਕ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਯੋਗੇਸ਼ ਸੂਰੀ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਰਾਜਪਾਲ ਸ੍ਰੀ ਕਟਾਰੀਆ ਨੂੰ ਵੀ ਫ਼ੋਨ ‘ਤੇ ਭੇਜ ਕੇ ਸਮੁੱਚੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।