Jagjit ਸਿੰਘ ਡੱਲੇਵਾਲ ਸੰਬੰਧੀ ਅੱਜ ਸੁਪਰੀਮ ਕੋਰਟ ’ਚ ਹੋਈ ਸੁਣਵਾਈ
- ਕਿਸਾਨ ਆਗੂ ਡੱਲੇਵਾਲ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਮਿਲਿਆ ਹੋਰ ਸਮਾਂ
ਚੰਡੀਗੜ੍ਹ : ਖਨੌਰੀ ਬਾਰਡਰ ‘ਤੇ 36 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ (Jagjit) ਜਗਜੀਤ ਡੱਲੇਵਾਲ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਲਈ ਪੰਜਾਬ ਸਰਕਾਰ ਨੂੰ 3 ਦਿਨਾਂ ਦਾ ਸਮਾਂ ਹੋਰ ਮਿਲ ਗਿਆ ਹੈ। ਦੱਸ ਦਈਏ ਕਿ ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਇਸ ਮਾਮਲੇ ‘ਤੇ ਸੁਣਵਾਈ ਕੀਤੀ। ਜਿਸ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸਮਾਂ ਮੰਗ ਅਰਜ਼ੀ ਨੂੰ ਸਵੀਕਾਰ ਕਰ ਲਿਆ। ਪੰਜਾਬ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਕਿ ਬੀਤੇ ਕੱਲ੍ਹ ਪੰਜਾਬ ਬੰਦ ਸੀ, ਜਿਸ ਕਾਰਨ ਆਵਾਜਾਈ ਨਹੀਂ ਚੱਲੀ।ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਜਨਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ।
ਹਾਲਾਂਕਿ, ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨਾਂ ਅਤੇ ਡੱਲੇਵਾਲ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। 29 ਅਤੇ 30 ਦਸੰਬਰ ਨੂੰ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੇਵਾਮੁਕਤ ਏਡੀਜੀਪੀ ਜਸਕਰਨ ਸਿੰਘ ਦੇ ਨਾਲ ਭੇਜਿਆ ਗਿਆ। ਕਿਸਾਨ ਆਗੂਆਂ ਤੇ ਡੱਲੇਵਾਲ ਨਾਲ ਵੀ ਗੱਲ ਕੀਤੀ ਪਰ ਉਹ ਨਹੀਂ ਮੰਨੇ। ਕਿਸਾਨ ਆਗੂ ਡੱਲੇਵਾਲ ਡਾਕਟਰੀ ਇਲਾਜ ਕਰਵਾਉਣ ਤੋਂ ਲਗਾਤਾਰ ਮਨ੍ਹਾ ਕਰ ਰਹੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/