Jagjit Singh Dallewal ਦਾ ਮਰਨ ਵਰਤ 15ਵੇਂ ਦਿਨ ’ਚ ਦਾਖ਼ਲ, ਵਿਗੜ ਰਹੀ ਹੈ ਸਿਹਤ ; 11 ਕਿਲੋ ਵਜ਼ਨ ਘਟਿਆ
ਚੰਡੀਗੜ੍ਹ, 10ਦਸੰਬਰ (ਵਿਸ਼ਵ ਵਾਰਤਾ) ਹਰਿਆਣਾ ਅਤੇ ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤਾ ਜਾ ਰਿਹਾ ਮਰਨ ਵਰਤ ਅੱਜ 15ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਬੀਤੇ ਕੱਲ੍ਹ ਸਿਹਤ ਠੀਕ ਨਾ ਹੋਣ ਕਰਕੇ ਜਗਜੀਤ ਸਿੰਘ ਡੱਲੇਵਾਲ ਸਟੇਜ ਉੱਪਰ ਨਹੀਂ ਆ ਸਕੇ। ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਪਲਸ 87 ਹੈ ਅਤੇ ਉਹਨਾਂ ਦਾ ਭਾਰ 11 ਕਿਲੋ ਘੱਟ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ ‘ਤੇ ਰਹਿਣਗੇ। ਲੰਗਰ ਤਿਆਰ ਨਹੀਂ ਕੀਤਾ ਜਾਵੇਗਾ। ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਵਿੱਚ ਲੰਗਰ ਨਾ ਲਿਆਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਮਾਰਚ ਬਾਰੇ ਐਲਾਨ ਕਰਨਗੇ। ਦੂਜੇ ਪਾਸੇ ਖਨੌਰੀ ਬਾਰਡਰ ‘ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ‘ਤੇ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਦਾ ਮਰਨ ਵਰਤ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੂੰ ਸਟੇਜ ‘ਤੇ ਆਉਣ ‘ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਮਵਾਰ ਨੂੰ ਪਟਿਆਲਾ ਰੇਂਜ ਦੇ ਡੀ.ਆਈ.ਜੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ ਮੋਰਚੇ ‘ਤੇ ਪਹੁੰਚੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਆਰ-ਪਾਰ ਦੀ ਲੜਾਈ ਹੈ ਅਤੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ MSP ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/