Jag Laadki : ਪੱਛਮੀ ਏਸ਼ੀਆ ਤਣਾਅ ਵਿਚਾਲੇ ਹੋਰਮੁਜ਼ ਰਾਹੀਂ ਭਾਰਤ ਪਹੁੰਚਿਆ ਇੱਕ ਹੋਰ ਜਹਾਜ਼
ਨਵੀ ਦਿੱਲੀ,18 ਮਾਰਚ (ਵਿਸ਼ਵ ਵਾਰਤਾ): ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਬਾਵਜੂਦ, ਭਾਰਤ ਲਈ ਐਲਪੀਜੀ ਅਤੇ ਕੱਚਾ ਤੇਲ ਲੈ ਕੇ ਆਉਣ ਵਾਲੇ ਭਾਰਤੀ ਝੰਡੇ ਵਾਲੇ ਟੈਂਕਰ ਸੁਰੱਖਿਅਤ ਰੂਪ ਵਿੱਚ ਗੁਜਰਾਤ ਦੀਆਂ ਬੰਦਰਗਾਹਾਂ ਤੱਕ ਪਹੁੰਚ ਰਹੇ ਹਨ। ਇਸ ਨਾਲ ਊਰਜਾ ਸਪਲਾਈ ਨੂੰ ਲੈ ਕੇ ਤੁਰੰਤ ਰਾਹਤ ਮਿਲੀ ਹੈ।
ਦੱਸ ਦਈਏ ਕਿ ਭਾਰਤੀ ਜਹਾਜ਼ ‘ਜਗ ਲਾਡਕੀ’ ਹੋਰਮੁਜ਼ ਦੇ ਰਸਤੇ ਕੱਚੇ ਤੇਲ ਦਾ ਟੈਂਕਰ ਲੈ ਕੇ ਗੁਜਰਾਤ ਦੇ ਮੁੰਦਰਾ ਪੋਰਟ ‘ਤੇ ਪਹੁੰਚ ਚੁੱਕਾ ਹੈ। ਤੇਲ ਦੇ ਇਹ ਟੈਂਕਰ ਸੰਯੁਕਤ ਅਰਬ ਅਮੀਰਾਤ (UAE) ਤੋਂ ਮੰਗਵਾਏ ਗਏ ਹਨ। ਇਨ੍ਹਾਂ ਵਿੱਚ ਲਗਭਗ 80,886 ਮੀਟ੍ਰਿਕ ਟਨ ਕੱਚਾ ਤੇਲ ਹੈ, ਜਿਸ ਨੂੰ ਫੁਜੈਰਾਹ ਪੋਰਟ ‘ਤੇ ਲੋਡ ਕੀਤਾ ਗਿਆ ਸੀ। ਇਸ ਨਾਲ ਦੇਸ਼ ਵਿੱਚ ਕੱਚੇ ਤੇਲ ਦੀ ਸਪਲਾਈ ਵਧੇਗੀ।
ਜ਼ਿਕਰਯੋਗ ਹੈ ਕਿ ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਤੋਂ ਬਾਅਦ ਇਹ ਭਾਰਤ ਪਹੁੰਚਣ ਵਾਲਾ ਤੀਜਾ ਜਹਾਜ਼ ਹੈ। ਇਹ ਜਹਾਜ਼ ਫਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਨ ਵਾਲੇ ਅਹਿਮ ਸਮੁੰਦਰੀ ਰਸਤੇ ਹੋਰਮੁਜ਼ ਰਾਹੀਂ ਭਾਰਤ ਪਹੁੰਚਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















