Israel -Iran attack ਇਜ਼ਰਾਈਲੀ ਹਮਲੇ ‘ਚ ਈਰਾਨੀ ਰੱਖਿਆ ਮੰਤਰੀ ਦੇ ਮੌਤ ਦੀ ਖਬਰ
– ਇਜ਼ਰਾਈਲ ਵੱਲੋਂ ਈਰਾਨ ਦੇ ਸਕੂਲ ‘ਤੇ ਵੀ ਹਮਲਾ; ਕਈ ਮੌਤਾਂ ਦਾ ਖਦਸ਼ਾ! ਮਾਹੌਲ ਤਣਾਅਪੂਰਣ
ਨਵੀ ਦਿੱਲੀ, 28 ਫਰਵਰੀ 2026 (ਵਿਸ਼ਵ ਵਾਰਤਾ) – ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ‘ਤੇ ਹਮਲੇ ਕੀਤੇ। ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਈਰਾਨ ਦੇ ਰੱਖਿਆ ਮੰਤਰੀ ਅਮੀਰ ਨਸੀਰਜ਼ਾਦੇਹ ਅਤੇ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਮੁਹੰਮਦ ਪਾਕਪੁਰ ਮਾਰੇ ਗਏ ਹਨ।
ਜਰਮਨੀ, ਫਰਾਂਸ ਅਤੇ ਬ੍ਰਿਟੇਨ ਨੇ ਖੇਤਰ ਦੇ ਦੇਸ਼ਾਂ ‘ਤੇ ਈਰਾਨ ਦੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਖੇਤਰੀ ਸਥਿਰਤਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦੱਸਿਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ, ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਮੌਜੂਦਾ ਸੰਕਟ ਦਾ ਹੱਲ ਫੌਜੀ ਕਾਰਵਾਈ ਨਹੀਂ ਸਗੋਂ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਨੇਤਾਵਾਂ ਨੇ ਤਣਾਅ ਘਟਾਉਣ ਲਈ ਜਲਦੀ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ।
ਮੀਡੀਆ ਰਿਪੋਰਟਸ ਮੁਤਾਬਿਕ ਦੱਖਣੀ ਈਰਾਨ ਦੇ ਇੱਕ ਸਕੂਲ ‘ਤੇ ਮਿਜ਼ਾਈਲ ਡਿੱਗਣ ਕਾਰਨ ਲਗਭਗ 40 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 45 ਜ਼ਖਮੀ ਹਨ। ਜਵਾਬ ਵਿੱਚ ਈਰਾਨ ਨੇ ਇਜ਼ਰਾਈਲ ‘ਤੇ ਕਰੀਬ 400 ਮਿਜ਼ਾਈਲਾਂ ਦਾਗੀਆਂ ਅਤੇ ਕਤਰ, ਕੁਵੈਤ, ਜਾਰਡਨ, ਬਹਿਰੀਨ, ਸਾਊਦੀ ਅਰਬ ਅਤੇ UAE ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਇੰਨਾ ਹੀ ਨਹੀਂ, ਈਰਾਨ ਨੇ UAE ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ‘ਤੇ ਵੀ ਹਮਲਾ ਕੀਤਾ।
ਤਣਾਅਪੂਰਣ ਮਾਹੌਲ ਦੇ ਮੱਦੇਨਜ਼ਰ ਭਾਰਤ ਨੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਕਿਹਾ, “ਖੇਤਰ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ, ਇਜ਼ਰਾਈਲ ਵਿੱਚ ਰਹਿ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਅਤੇ ਹਰ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























