International News : Sydney ‘ਚ ਬਾਲਕੋਨੀ ਕਿਰਾਏ ‘ਤੇ ਦੇਣ ਦਾ ਇਸ਼ਤਿਹਾਰ ਕਿਉਂ ਹੋਇਆ Internet ‘ਤੇ ਵਾਇਰਲ !
ਸਿਡਨੀ ‘ਚ ਘਰਾਂ ਦੀਆਂ ਕੀਮਤਾਂ ‘ਚ ਹੋਏ ਵਾਧੇ ਨੇ ਕਿਰਾਏਦਾਰਾਂ ਦੀ ਜੇਬ ‘ਤੇ ਪਾਇਆ ਬੋਝ
ਸਿਡਨੀ, 8ਜੁਲਾਈ (ਵਿਸ਼ਵ ਵਾਰਤਾ) International News: ਇੰਟਰਨੈਟ ਉਪਰ ਸਿਡਨੀ ਦੇ ਵਿੱਚ ਇਕ ਘਰ ਦੀ ਬਾਲਕੋਨੀ ਕਿਰਾਏ ਦੇਣ ਦਾ ਇਸ਼ਤਿਹਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਕਿਸੇ ਮਕਾਨ ਮਾਲਕ ਵੱਲੋਂ ਬਾਲਕੋਨੀ ਕਿਰਾਏ ਤੇ ਦੇਣ ਦੀ ਪਾਈ ਗਈ ਇਹ ਪੋਸਟ ਵਾਇਰਲ ਹੋ ਗਈ ਹੈ, ਅਤੇ ਲੋਕਾਂ ਵੱਲੋਂ ਇਸ ਤੇ ਦਿਲਚਸਪ ਅਤੇ ਮਜਾਕੀਆ ਕਮੈਂਟ ਵੀ ਕੀਤੇ ਜਾ ਰਹੇ ਹਨ। ਦਰਅਸਲ ਜੋ ਤਸਵੀਰ ਇਸ ਇਸ਼ਤਿਹਾਰ ਦੇ ਨਾਲ ਸਾਂਝੀ ਕੀਤੀ ਗਈ ਹੈ। ਬਾਲਕੋਨੀ ਦੀ ਇਹ ਤਸਵੀਰ ਆਪਣੇ ਆਪ ਦੇ ਵਿੱਚ ਦਿਲਚਸਪ ਹੈ। ਕਮਰੇ ਦੇ ਵਿੱਚ ਇੱਕ ਬੈਡ ਲੱਗਿਆ ਹੋਇਆ ਹੈ। ਪਹਿਲਾਂ ਬਾਹਰਵਾਰ ਵਾਲੇ ਪਾਸੇ ਇੱਕ ਸ਼ੀਸ਼ਿਆਂ ਦੀ ਦੀਵਾਰ ਹੈ। ਜਿਸ ਰਾਹੀਂ ਭਰਪੂਰ ਰੋਸ਼ਨੀ ਬਾਲਕੋਨੀ ਦੇ ਅੰਦਰ ਆ ਰਹੀ ਹੈ। ਇਸ਼ਤਿਹਾਰ ਵਿੱਚ ਇਸ ਰੂਮ ਦਾ ਵਰਣਨ ਸਨੀ ਰੂਮ ਵਜੋਂ ਕੀਤਾ ਗਿਆ ਹੈ। ਇਸ ਦੇ ਫਰਸ਼ ਤੇ ਇੱਕ ਗਲੀਚਾ ਵੀ ਵਿਛਿਆ ਹੋਇਆ ਹੈ ਅਤੇ ਮੂੰਹ ਦੇਖਣ ਲਈ ਇੱਕ ਵੱਡਾ ਸ਼ੀਸ਼ਾ ਵੀ ਬੈਡ ਦੇ ਨਾਲ ਲੱਗਿਆ ਹੋਇਆ ਹੈ। ਸਿਡਨੀ ਦੇ ਵਿੱਚ ਸਥਿਤ ਇਸ ਬਾਲਕੋਨੀ ਨੂੰ 81 ਹਜਾਰ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਲਈ ਇਸ਼ਤਿਹਾਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਫੇਸਬੁਕ ਦੇ ਮਾਰਕੀਟ ਪਲੇਸ ਦੇ ਵਿੱਚ ਇਹ ਇਸ਼ਤਿਹਾਰ ਦਿੱਤਾ ਜਿਸ ਵਿੱਚ ਇਸ ਬਾਲਕੋਨੀ ਦੀ ਖਾਸੀਅਤ ਅਤੇ ਕਿਰਾਏ ਬਾਰੇ ਵਰਣਨ ਕੀਤਾ ਗਿਆ ਹੈ। ਜ਼ਿਕਰ ਯੋਗ ਹੈ ਬਾਲਕੋਨੀ ਦੇ ਬਾਹਰਵਾਰ ਦੀ ਦੀਵਾਰ ਵੀ ਸ਼ੀਸ਼ੇ ਦੀ ਬਣੀ ਹੋਈ ਹੈ ਅਤੇ ਇਸ ਨੂੰ ਘਰ ਦੇ ਨਾਲ ਜੋੜਦੀ ਦੀਵਾਰ ਵੀ ਸਲਾਈਡਿੰਗ ਰੂਪੀ ਸ਼ੀਸ਼ੇ ਦੇ ਦਰਵਾਜ਼ਿਆਂ ਦੀ ਬਣੀ ਹੋਈ ਹੈ। ਸੋ ਦੋਨਾਂ ਪਾਸੇ ਕੰਧਾਂ ਨਹੀਂ ਬਲਕਿ ਸ਼ੀਸ਼ੇ ਹੀ ਹਨ। ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਇੱਕ ਵਿਅਕਤੀ ਦੇ ਪ੍ਰਵੇਸ਼ ਲਈ ਇਹ ਬਾਲਕੋਨੀ ਤਿਆਰ ਹੈ। ਇਸ਼ਤਿਹਾਰ ਦੇ ਉੱਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਵੱਖੋ ਵੱਖਰੇ ਅਤੇ ਦਿਲਚਸਪ ਕਿਸਮ ਦੇ ਕਮੈਂਟ ਵੀ ਆ ਰਹੇ ਹਨ। ਕੁਝ ਲੋਕ ਇਸ ਪੋਸਟ ਤੇ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ ਹੈ ਕਿ, “ਇਹ ਬਹੁਤ ਸ਼ਾਨਦਾਰ ਦ੍ਰਿਸ਼ ਹੈ।” ਜਦ ਕਿ ਦੂਸਰੇ ਕਮੈਂਟ ਦੇ ਵਿੱਚ ਲਿਖਿਆ ਗਿਆ ਹੈ ਕਿ, “ਇਸ ਦੇ ਨਾਲ ਚੰਗੀ ਕਿਸਮਤ ਵੀ। ਕੀ ਤੁਸੀਂ ਪਾਗਲ ਹੋ।” ਤੀਜੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਲਿਖਿਆ ਹੈ ਕਿ, “ਅੱਛਾ ਇਥੇ ਬਹੁਤ ਰੌਸ਼ਨੀ ਮਿਲਦੀ ਹੈ।”
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸਿਡਨੀ ਵਿੱਚ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਦੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਇਥੇ ਕਿਰਾਏ ਦੇ ਘਰਾਂ ਦੀ ਮੰਗ ਜਿਆਦਾ ਹੈ। ਜਦਕਿ ਘਰਾਂ ਦੀ ਥੁੜ ਹੈ। ਇਸ ਕਾਰਨ ਕਿਰਾਏ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਘੱਟ ਵਿਆਜ ਦਰਾਂ ਆਰਥਿਕ ਰਿਕਵਰੀ ਅਤੇ ਆਬਾਦੀ ਦੇ ਵਾਧੇ ਨੇ ਵੀ ਇਸ ਸੰਕਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਰਿਹਾਇਸ਼ ਦੀ ਵਧੀ ਮੰਗ ਨੇ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਕੀਤਾ ਹੈ। ਜਿੱਥੇ ਮੰਗ ਬਹੁਤ ਜਿਆਦਾ ਹੈ ਉਥੇ ਕਿਰਾਏਦਾਰਾਂ ਤੋਂ ਵੱਧ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਸਿਡਨੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸੀਮਤ ਬਜਟ ਵਾਲੇ ਲੋਕਾਂ ਦੇ ਲਈ ਰਿਹਾਇਸ਼ਾਂ ਨੂੰ ਲੱਭਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ।