international news : ਕੀਵ ‘ਚ ਯੂਕ੍ਰੇਨੀ ਭਾਸ਼ਾ ਲਈ ਲੜਾਈ ਲੜਨ ਵਾਲੀ ਸਾਬਕਾ MP ਦਾ ਗੋਲੀਆਂ ਮਾਰਕੇ ਕਤਲ
ਨਵੀਂ ਦਿੱਲੀ, 20 ਜੁਲਾਈ (ਵਿਸ਼ਵ ਵਾਰਤਾ) international news : ਯੂਕਰੇਨੀ ਭਾਸ਼ਾ ਦੇ ਲਈ ਆਪਣੀਆਂ ਜ਼ੋਰਦਾਰ ਮੁਹਿੰਮਾਂ ਲਈ ਜਾਣੀ ਜਾਂਦੀ ਸਾਬਕਾ ਐਮਪੀ ਅਤੇ ਰਾਸ਼ਟਰਵਾਦੀ ਨੇਤਾ ਇਰੀਨਾ ਫੈਰੀਓਨ ਦਾ 60 ਸਾਲ ਦੀ ਉਮਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਲਵੀਵ ਸ਼ਹਿਰ ਦੇ ਪੱਛਮ ਦੇ ਵਿੱਚ ਉਹਨਾਂ ਨੂੰ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਕਾਰੀ ਮੈਕਸੀਮ ਕੋਜਿਟਸ ਨੇ ਦੱਸਿਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਫੈਰੀਓਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਰਾਸ਼ਟਰਪਤੀ ਵਲਾਦੀਮੀਰ ਜਲੈਨਸਕੀ ਨੇ ਵੀ ਇਸ ਗੋਲੀਬਾਰੀ ਦੀ ਘਟਨਾ ਤੇ ਅਫਸੋਸ ਜਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਾਤਲਾਂ ਨੂੰ ਫੜਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਕਾਰੇ ਦੀ ਨਿੰਦਾ ਕਰਦੇ ਹਨ। ਫੈਰੀਓਨ ਇੱਕ ਭਾਸ਼ਾ ਵਿਗਿਆਨੀ ਸਨ। 2005 ਵਿੱਚ ਉਹਨਾਂ ਨੂੰ ਰਾਸ਼ਟਰਵਾਦੀ ਸਬੋਬੋਰਡਾਂ ਪਾਰਟੀ ਦਾ ਮੈਂਬਰ ਚੁਣਿਆ ਗਿਆ ਅਤੇ 2012 ਦੇ ਵਿੱਚ ਉਹਨਾਂ ਨੂੰ ਸੰਸਦ ਦੇ ਲਈ ਚੁਣਿਆ ਗਿਆ ਸੀ । ਉਹ ਲਗਾਤਾਰ ਯੂਕਰੇਨੀ ਭਾਸ਼ਾ ਨੂੰ ਉਤਸਾਹਿਤ ਕਰਨ ਦਾ ਕੰਮ ਕਰਦੇ ਰਹੇ ਨੇ ਅਤੇ ਦਫਤਰਾਂ ਦੇ ਵਿੱਚ ਰਸ਼ੀਅਨ ਬੋਲਣ ਵਾਲੇ ਅਧਿਕਾਰੀਆਂ ਨੂੰ ਤਾੜਦੇ ਵੀ ਰਹੇ। 2018 ਦੇ ਵਿੱਚ ਉਹਨਾਂ ਨੇ ਰਸ਼ੀਅਨ ਭਾਸ਼ਾ ਬੋਲਣ ਵਾਲੇ ਵਿਅਕਤੀਆਂ ਦੇ ਜੁਬਾੜੇ ਤੇ ਮੁੱਕਾ ਮਾਰਨ ਦੀ ਮੁਹਿੰਮ ਚਲਾਉਣ ਦੀ ਮੰਗ ਵੀ ਕੀਤੀ ਸੀ। ਜ਼ਿਕਰ ਯੋਗ ਹੈ ਕਿ ਯੂਕਰੇਨ ਦੇ ਵਿੱਚ ਯੂਕਰੇਨੀ ਹੀ ਰਾਸ਼ਟਰੀ ਭਾਸ਼ਾ ਹੈ ਪਰ ਬਹੁਤ ਸਾਰੇ ਲੋਕ ਪਹਿਲੀ ਭਾਸ਼ਾ ਦੇ ਤੌਰ ਤੇ ਰਸ਼ੀਅਨ ਬੋਲਣਾ ਪਸੰਦ ਕਰਦੇ ਹਨ।