International News : ਗਾਜ਼ਾ ‘ਚ ਇਜ਼ਰਾਇਲੀ ਸੈਨਾ ਦਾ ਸਕੂਲ ‘ਤੇ ਹਮਲਾ, 16 ਦੀ ਮੌਤ
ਨਵੀਂ ਦਿੱਲੀ, 8 ਜੁਲਾਈ (ਵਿਸ਼ਵ ਵਾਰਤਾ) : ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਇੱਕ ਸਕੂਲ ‘ਤੇ ਹਵਾਈ ਹਮਲਾ ਕੀਤਾ ਹੈ । ਇਸ ਹਮਲੇ ‘ਚ 16 ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਜ਼ਖਮੀ ਹੋ ਗਏ ਹਨ । ਰਿਪੋਰਟ ਮੁਤਾਬਕ ਇਹ ਸਕੂਲ ਸੰਯੁਕਤ ਰਾਸ਼ਟਰ (ਯੂ.ਐਨ.) ਦਾ ਸੀ, ਜਿਸ ਵਿੱਚ ਸ਼ਰਨਾਰਥੀਆਂ ਨੂੰ ਰੱਖਿਆ ਗਿਆ ਸੀ। ਸਥਾਨਕ ਲੋਕਾਂ ਮੁਤਾਬਕ ਇਜ਼ਰਾਇਲੀ ਫੌਜ ਨੇ ਪਹਿਲਾਂ ਸਕੂਲ ਨੂੰ ਘੇਰ ਲਿਆ ਅਤੇ ਫਿਰ ਹਮਲਾ ਕੀਤਾ। ਹਮਲੇ ਕਾਰਨ ਸਕੂਲ ਦੀ ਇਮਾਰਤ ਢਹਿ ਗਈ, ਉੱਥੇ ਰਹਿ ਰਹੇ ਬੱਚੇ ਦੱਬ ਗਏ। ਹਮਲੇ ਤੋਂ ਬਾਅਦ ਸਥਾਨਕ ਲੋਕ ਬਚਾਅ ਕਾਰਜਾਂ ‘ਚ ਜੁੱਟ ਗਏ। ਸਥਾਨਕ ਲੋਕਾਂ ਨੇ ਦੋ ਬੱਚਿਆਂ ਨੂੰ ਬਚਾਇਆ ਹੈ। ਇਕ ਬੱਚੀ ਦੇ ਹੱਥ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਦੂਜੀ ਬੱਚੀ ਦੇ ਚਿਹਰੇ ਅਤੇ ਸਿਰ ‘ਤੇ ਕਾਫੀ ਸੱਟਾਂ ਲੱਗੀਆਂ ਹਨ। ਸੰਯੁਕਤ ਰਾਸ਼ਟਰ ਦੀ ਬਚਾਅ ਟੀਮ ਮੁਤਾਬਕ ਪਿਛਲੇ ਮਹੀਨੇ ਵੀ ਇਜ਼ਰਾਇਲੀ ਫੌਜ ਨੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ। ਪਹਿਲਾਂ ਇਸ ਸਕੂਲ ਨੂੰ ਸੁਰੱਖਿਅਤ ਇਲਾਕਾ ਘੋਸ਼ਿਤ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਇਜ਼ਰਾਈਲ ਵਲੋਂ ਅੱਤਵਾਦੀਆਂ ਦਾ ਟਿਕਾਣਾ ਐਲਾਨ ਦਿੱਤਾ ਗਿਆ ਹੈ।