IndiGo ਦੇ CEO ਨੇ ਦਿੱਤਾ ਅਸਤੀਫਾ
– ਜਾਣੋ ਹੁਣ ਕੌਣ ਸੰਭਾਲੇਗਾ ਜਿੰਮੇਵਾਰੀ?
ਨਵੀ ਦਿੱਲੀ, 10 ਮਾਰਚ 2026 (ਵਿਸ਼ਵ ਵਾਰਤਾ) – ਇੰਡੀਗੋ ਏਅਰਲਾਈਨ ਦੇ ਸੀ.ਈ.ਓ. ਪੀਟਰ ਐਲਬਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਇਸ ਅਸਤੀਫੇ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਹੈ। ਐਲਬਰਸ ਦੇ ਜਾਣ ਤੋਂ ਬਾਅਦ ਕੰਪਨੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਰਾਹੁਲ ਭਾਟੀਆ, ਅੰਤਰਿਮ ਆਧਾਰ ‘ਤੇ ਏਅਰਲਾਈਨ ਦੇ ਸੰਚਾਲਨ ਦਾ ਚਾਰਜ ਸੰਭਾਲਣਗੇ।
ਪੀਟਰ ਦੇ ਅਚਾਨਕ ਅਹੁਦਾ ਛੱਡਣ ਨਾਲ ਹਵਾਬਾਜ਼ੀ ਉਦਯੋਗ ਵਿੱਚ ਹਲਚਲ ਤੇਜ਼ ਹੋ ਗਈ ਹੈ। ਪੀਟਰ ਐਲਬਰਸ ਦਾ ਇਹ ਅਸਤੀਫਾ ਇੰਡੀਗੋ ਲਈ ਇੱਕ ਬੇਹੱਦ ਚੁਣੌਤੀਪੂਰਨ ਦੌਰ ਤੋਂ ਬਾਅਦ ਆਇਆ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ, “ਇੰਡੀਗੋ ਦੀ ਪੇਰੈਂਟ ਕੰਪਨੀ ਇੰਟਰਗਲੋਬ ਐਵੀਏਸ਼ਨ ਲਿਮਟਿਡ ਦੇ ਨਿਰਦੇਸ਼ਕ ਮੰਡਲ ਨੇ ਮੰਗਲਵਾਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀਟਰ ਐਲਬਰਸ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਐਲਬਰਸ 10 ਮਾਰਚ 2026 ਨੂੰ ਕੰਮ ਦਾ ਸਮਾਂ ਖਤਮ ਹੋਣ ਤੋਂ ਬਾਅਦ ਰਸਮੀ ਤੌਰ ‘ਤੇ ਕੰਪਨੀ ਛੱਡ ਦੇਣਗੇ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਅੰਤਰਿਮ ਤੌਰ ‘ਤੇ ਇੰਡੀਗੋ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣਗੇ।”
ਲਗਭਗ ਤਿੰਨ ਮਹੀਨੇ ਪਹਿਲਾਂ ਏਅਰਲਾਈਨ ਨੂੰ ਵੱਡੇ ਪੱਧਰ ‘ਤੇ ਉਡਾਣਾਂ ਵਿੱਚ ਵਿਘਨ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਕਰੀਬ ਤਿੰਨ ਲੱਖ ਯਾਤਰੀ ਪ੍ਰਭਾਵਿਤ ਹੋਏ ਸਨ। ਇਸ ਗੰਭੀਰ ਸੰਕਟ ਅਤੇ ਸੰਚਾਲਨ ਸਬੰਧੀ ਅਸਫਲਤਾਵਾਂ ਨੂੰ ਦੇਖਦੇ ਹੋਏ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. (DGCA) ਨੇ ਸਖ਼ਤ ਰੁਖ ਅਪਣਾਇਆ ਸੀ। ਰੈਗੂਲੇਟਰ ਨੇ ਨਾ ਸਿਰਫ ਇੰਡੀਗੋ ‘ਤੇ 22.20 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਸੀ, ਸਗੋਂ ਕੰਪਨੀ ਦੇ ਖਿਲਾਫ ਹੋਰ ਦੰਡਕਾਰੀ ਕਾਰਵਾਈਆਂ ਵੀ ਕੀਤੀਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
















