ਅਮਰੀਕਾ ਵੱਲੋਂ ਭਾਰਤੀਆਂ ਦੀ ਵਤਨ ਵਾਪਸੀ: Punjab Police ਵੱਲੋਂ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਦੀ ਜਾਂਚ ਲਈ ਚਾਰ ਮੈਂਬਰੀ ਤੱਥ-ਖੋਜ ਕਮੇਟੀ/ਵਿਸ਼ੇਸ਼ ਜਾਂਚ ਟੀਮ ਦਾ ਗਠਨ
ਏ.ਡੀ.ਜੀ.ਪੀ. (ਐਨ.ਆਰ.ਆਈ.) ਪਰਵੀਨ ਸਿਨਹਾ ਦੀ ਅਗਵਾਈ ਵਾਲੀ ਕਮੇਟੀ ਵਿੱਚ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ, ਆਈ.ਜੀ.ਪੀ. ਪ੍ਰੋਵਿਜਨਿੰਗ ਅਤੇ ਡੀ.ਆਈ.ਜੀ. ਬਾਰਡਰ ਰੇਂਜ ਮੈਂਬਰਾਂ ਵਜੋਂ ਸ਼ਾਮਲ
ਚੰਡੀਗੜ, 7 ਫਰਵਰੀ (ਵਿਸ਼ਵ ਵਾਰਤਾ):- ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) ਤੋਂ ਪੰਜਾਬ ਦੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਤੋਂ ਬਾਅਦ ਪੈਦਾ ਹੋਏ ਗੈਰ-ਕਾਨੂੰਨੀ ਮਨੁੱਖੀ ਤਸਕਰੀ/ਗੈਰ-ਕਾਨੂੰਨੀ ਪ੍ਰਵਾਸ ਦੇ ਮੁੱਦੇ ਦੀ ਗੰਭੀਰਤਾ ਤੇ ਸੁਚੱਜੀ ਜਾਂਚ ਲਈ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਚਾਰ ਮੈਂਬਰੀ ਤੱਥ-ਖੋਜ ਕਮੇਟੀ/ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ।
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਚਾਰ ਮੈਂਬਰੀ ਐਸ.ਆਈ.ਟੀ. ਦਾ ਗਠਨ ਏ.ਡੀ.ਜੀ.ਪੀ. ਐਨ.ਆਰ.ਆਈ. ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਹੇਠ ਕੀਤਾ ਗਿਆ ਹੈ। ਇਸ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਵਿੱਚ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਸ਼ਿਵੇ ਕੁਮਾਰ ਵਰਮਾ, ਆਈ.ਜੀ.ਪੀ. ਪ੍ਰੋਵੀਜਨਿੰਗ ਡਾ. ਐਸ. ਬੂਪਤੀ ਅਤੇ ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਸ਼ਾਮਲ ਹਨ।
ਇਹ ਐਸ.ਆਈ.ਟੀ. ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਅਜਿਹੇ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨਾ ਯਕੀਨੀ ਬਣਾਏਗੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤੱਥ-ਖੋਜਣ ਸਬੰਧੀ ਕਮੇਟੀ/ਵਿਸ਼ੇਸ਼ ਜਾਂਚ ਟੀਮ ਨੂੰ ਕਾਨੂੰਨ ਅਤੇ ਤੱਥਾਂ ਅਨੁਸਾਰ ਢੁਕਵੀਂ ਕਾਰਵਾਈ ਕਰਨ ਅਤੇ ਗੈਰ-ਕਾਨੂੰਨੀ ਕੰਮਾਂ ਅਤੇ ਗੈਰ-ਕਾਨੂੰਨੀ ਪ੍ਰਵਾਸ/ਮਨੁੱਖੀ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਤੱਥ-ਖੋਜਣ ਸਬੰਧੀ ਕਮੇਟੀ ਨੂੰ ਜਾਂਚ/ਤਫ਼ਤੀਸ਼ ਵਿੱਚ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਨੂੰ ਸ਼ਾਮਲ ਕਰਨ ਜਾਂ ਸਹਿਯੋਗ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਉਹ ਸਬੰਧਤ ਸੀਨੀਅਰ ਪੁਲਿਸ ਸੁਪਰਡੈਂਟਾਂ/ਪੁਲਿਸ ਕਮਿਸ਼ਨਰਾਂ ਨਾਲ ਤਾਲਮੇਲ ਬਣਾਈ ਰੱਖਣਗੇ, ਜਿਨਾਂ ਨੂੰ ਕਮੇਟੀ ਲਈ ਲੋੜੀਂਦੀ ਸਹਾਇਤਾ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਇਸ ਸਾਂਝੇ ਯਤਨ ਦਾ ਉਦੇਸ਼ ਗੈਰ-ਕਾਨੂੰਨੀ ਪ੍ਰਵਾਸ ਦੀ ਵਿਆਪਕ ਅਤੇ ਪ੍ਰਭਾਵੀ ਜਾਂਚ ਨੂੰ ਯਕੀਨੀ ਬਣਾਉਣਾ ਹੈ।
ਐਸ.ਆਈ.ਟੀ. ਨੂੰ ਤੱਥਾਂ ਦੀ ਖੋਜਬੀਨ ਕਰਨ, ਜਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਗੈਰ-ਕਾਨੂੰਨੀ ਪ੍ਰਵਾਸ ਨਾਲ ਨਜਿੱਠਣ ਲਈ ਢੁਕਵੇਂ ਤਰੀਕਿਆਂ ਦੀ ਸਿਫ਼ਾਰਸ਼ ਕਰਨ ਦਾ ਕੰਮ ਸੌਂਪਿਆ ਗਿਆ ਹੈ।