India Vs Australia : ਐਡੀਲੇਡ ਟੈਸਟ ਦਾ ਅੱਜ ਦੂਜਾ ਦਿਨ
ਚੰਡੀਗੜ੍ਹ, 7 ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਟੈਸਟ ਦੇ ਦੂਜੇ ਦਿਨ ਦਾ ਖੇਡ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਭਾਰਤੀ ਟੀਮ ਪਹਿਲੀ ਪਾਰੀ ‘ਚ 180 ਦੌੜਾਂ ‘ਤੇ ਆਲ ਆਊਟ ਹੋ ਗਈ ਹੈ।
ਭਾਰਤ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਯਸ਼ਸਵੀ ਜੈਸਵਾਲ ਦਾ ਵਿਕਟ ਗੁਆ ਦਿੱਤਾ ਸੀ। ਸ਼ੁਭਮਨ ਗਿੱਲ ਨੇ 31 ਦੌੜਾਂ ਅਤੇ ਕੇਐਲ ਰਾਹੁਲ ਨੇ 37 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਇਸ ਤੋਂ ਇਲਾਵਾ ਵਿਰਾਟ ਕੋਹਲੀ ਸਿਰਫ਼ 7 ਦੌੜਾਂ ਹੀ ਬਣਾ ਸਕੇ ਅਤੇ ਰੋਹਿਤ ਸ਼ਰਮਾ ਵੀ ਸਿਰਫ਼ 3 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ ਨੇ 42, ਰਵੀ ਅਸ਼ਵਿਨ ਨੇ 22 ਅਤੇ ਰਿਸ਼ਭ ਪੰਤ ਨੇ 21 ਦੌੜਾਂ ਬਣਾਈਆਂ।
ਆਸਟ੍ਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 6 ਵਿਕਟਾਂ ਲਈਆਂ। ਪੈਟ ਕਮਿੰਸ ਅਤੇ ਸਕਾਟ ਬੋਲੈਂਡ ਨੇ 2-2 ਵਿਕਟਾਂ ਹਾਸਲ ਕੀਤੀਆਂ।
ਜੇਕਰ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 1 ਵਿਕਟ ਗੁਆ ਕੇ 86 ਦੌੜਾਂ ਬਣਾਈਆਂ ਹਨ, ਟੀਮ ਅਜੇ ਵੀ 94 ਦੌੜਾਂ ਨਾਲ ਪਿੱਛੇ ਹੈ। ਆਸਟਰੇਲੀਆ ਵੱਲੋਂ ਨਾਥਨ ਮੈਕਸਵੀਨੀ 38 ਅਤੇ ਮਾਰਨਸ ਲੈਬੁਸ਼ੇਨ 20 ਦੌੜਾਂ ਦੇ ਸਕੋਰ ਨਾਲ ਆਪਣੀ ਪਾਰੀ ਦੀ ਅਗਵਾਈ ਕਰਨਗੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੂੰ ਇੱਕੋ ਇੱਕ ਵਿਕਟ ਮਿਲੀ, ਉਸ ਨੇ ਉਸਮਾਨ ਖਵਾਜਾ ਨੂੰ ਕੈਚ ਆਊਟ ਕਰਵਾਇਆ।