Hoshiarpur News: ਡਾ ਇਸ਼ਾਂਕ ਕੁਮਾਰ ਵਲੋਂ ਜੈਤਪੁਰ ਵਿੱਚ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ
ਕਿਹਾ-ਛੋਟੇ ਪਿੰਡਾਂ ਵਿਚ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਵਿਕਾਸ ਕਾਰਜ
ਹੁਸ਼ਿਆਰਪੁਰ 14 ਹੁਸ਼ਿਆਰਪੁਰ ( ਵਿਸ਼ਵ ਵਾਰਤਾ / ਤਰਸੇਮ ਦੀਵਾਨਾ ) ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਜੈਤਪੁਰ ਦੇ ਵਿਕਾਸ ਲਈ ਇੱਕ ਹੋਰ ਕਦਮ ਚੁੱਕਦਿਆਂ ਸੀਵਰੇਜ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕੀਤਾ। ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਣ ਵਾਲਾ ਇਹ ਪ੍ਰੋਜੈਕਟ ਪਿੰਡ ਵਾਸੀਆਂ ਦੇ ਸਿਹਤ ਸਬੰਧੀ ਅਤੇ ਵਾਤਾਵਰਨ ਸਬੰਧੀ ਸੁਧਾਰਾਂ ਅਤੇ ਸੁਚੱਜੇ ਸੀਵਰੇਜ ਪ੍ਰਬੰਧਨ ਦੀ ਸਥਾਪਨਾ ਲਈ ਮੁਹੱਤਵਪੂਰਨ ਹੈ।ਇਸ ਮੌਕੇ ਤੇ ਵਿਧਾਇਕ ਨੇ ਪਿੰਡ ਜੈਤਪੁਰ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦੀ ਵੀ ਮੰਜੂਰੀ ਦਿੱਤੀ। ਉਨ੍ਹਾਂ ਨੇ ਸ਼ਮਸ਼ਾਨਘਾਟ ਦੇ ਨਿਰਮਾਣ ਲਈ 10 ਲੱਖ ਰੁਪਏ, ਜਿਮ ਲਈ 5 ਲੱਖ ਰੁਪਏ, ਡਿਸਪੈਂਸਰੀ ਲਈ 3 ਲੱਖ ਰੁਪਏ, ਫੁੱਟਬਾਲ ਕਲੱਬ ਲਈ 2 ਲੱਖ ਰੁਪਏ ਅਤੇ ਐਸ.ਸੀ. ਸ਼ਮਸ਼ਾਨਘਾਟ ਲਈ 2 ਲੱਖ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ।
ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਉਹ ਹਲਕੇ ਦੇ ਹਰ ਪਿੰਡ ਵਿੱਚ ਸਮਾਨ ਤਰੱਕੀ ਨੂੰ ਯਕੀਨੀ ਬਣਾਉਣ ਲਈ ਕਾਰਜਰਤ ਹਨ। ਉਨ੍ਹਾਂ ਕਿਹਾ, “ਹਲਕੇ ਦੇ ਹਰ ਪਿੰਡ ਦੀ ਸੰਭਾਲ ਮੇਰੀ ਜ਼ਿੰਮੇਵਾਰੀ ਹੈ। ਪਿੰਡ ਵਾਸੀਆਂ ਨੇ ਮੈਨੂੰ ਜੋ ਜਿੰਮੇਵਾਰੀ ਦਿੱਤੀ ਹੈ, ਮੈਂ ਉਸ ਨੂੰ ਪੂਰਾ ਕਰਨ ਲਈ ਦਿਨ-ਰਾਤ ਕਮਰਕਸਰ ਹਾਂ। ਹਲਕੇ ਦਾ ਸਰਵਪੱਖੀ ਵਿਕਾਸ ਮੇਰੀ ਪ੍ਰਾਥਮਿਕਤਾ ਹੈ।”
ਇਸ ਮੌਕੇ ‘ਤੇ ਪਿੰਡ ਦੇ ਮੋਹਤਬਰ ਲੋਕਾਂ ਸਮੇਤ ਕਈ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਪੰਚ ਬਲਜੀਤ ਕੌਰ, ਸਰਬਜੀਤ ਸਿੰਘ ਭੋਲਾ, ਜਤਿੰਦਰ ਸਿੰਘ ਰਾਜੂ, ਜੋਗਿੰਦਰ ਪਾਲ, ਹਰਪਾਲ ਸਿੰਘ, ਕਸ਼ਮੀਰ ਕੌਰ, ਪਰਮਜੀਤ ਕੌਰ, ਅਤੇ ਪਵਿੱਤਰ ਕੌਰ ਮੌਜੂਦ ਸਨ। ਉਨ੍ਹਾਂ ਨੇ ਡਾ. ਇਸ਼ਾਂਕ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਪਿੰਡ ਨੂੰ ਸਾਫ ਸੁਥਰਾ ਰੱਖਣ ਵਿਚ ਅਤੇ ਬਿਮਾਰੀਆਂ ਦੇ ਖਤਰੇ ਨੂੰ ਘਟਾ ਕੇ ਲੋਕਾਂ ਦੀ ਬਿਹਤਰ ਸਿਹਤ ਲਈ ਵਰਦਾਨ ਸਾਬਿਤ ਹੋਵੇਗਾ।ਸਰਪੰਚ ਬਲਜੀਤ ਕੌਰ ਨੇ ਪਿੰਡ ਵਾਸੀਆਂ ਦੇ ਵਲੋਂ ਵਿਧਾਇਕ ਡਾ. ਇਸ਼ਾਂਕ ਦੇ ਯਤਨਾਂ ਨੂੰ ਪਿੰਡ ਦੇ ਵਿਕਾਸ ਲਈ ਯਾਦਗਾਰੀ ਯੋਗਦਾਨ ਕਹਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।
ਡਾ. ਇਸ਼ਾਂਕ ਕੁਮਾਰ ਨੇ ਹਾਜ਼ਰੀਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹਲਕੇ ਦੇ ਹਰ ਪਿੰਡ ਨੂੰ ਅਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਅਤੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਜੈਤਪੁਰ ਪਿੰਡ ‘ਚ ਚਲਾਏ ਜਾ ਰਹੇ ਇਹਨਾਂ ਪ੍ਰੋਜੈਕਟਾਂ ਨਾਲ ਪਿੰਡ ਦੇ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿਚ ਵੀ ਹੋਰ ਬਿਹਤਰੀ ਆਵੇਗੀ । (Hoshiarpur News)