ਹਿਸਾਰ ‘ਚ ਦੋਹਰੇ ਕਤਲ ਕਾਰਨ ਦਹਿਸ਼ਤ, ਲਵ ਮੈਰਿਜ ਕਰਨ ਵਾਲੇ ਜੋੜੇ ਦਾ ਗੋਲੀਆਂ ਮਾਰਕੇ ਕਤਲ
ਹਿਸਾਰ 24ਜੂਨ (ਵਿਸ਼ਵ ਵਾਰਤਾ): ਹਰਿਆਣਾ ਦੇ ਹਿਸਾਰ ( HISAR NEWS)ਵਿੱਚ ਇੱਕ ਵਿਆਹੁਤਾ ਜੋੜੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਹੁਕਮਚੰਦ ਪਾਰਕ ‘ਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਦਿਨ ਦਿਹਾੜੇ ਪ੍ਰੇਮੀ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫ਼ਰਾਰ ਹੋ ਗਏ। ਲੜਕੇ ਅਤੇ ਲੜਕੀ ਦਾ ਦੋ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਲੜਕੀ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਲੜਕਾ ਬਧਰਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਮੌਕੇ ਤੋਂ ਵੱਖ-ਵੱਖ ਹਥਿਆਰਾਂ ਤੋਂ ਚੱਲੀਆਂ ਗੋਲੀਆਂ ਦੇ ਖੋਲ ਮਿਲੇ ਹਨ। ਅਜਿਹੇ ‘ਚ ਕਤਲ ਲਈ ਦੋ ਤੋਂ ਵੱਧ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਮੁਤਾਬਕ ਕਰੀਬ 7 ਰਾਊਂਡ ਫਾਇਰਿੰਗ ਹੋਈ। ਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਨੌਜਵਾਨ ਅਤੇ ਲੜਕੀ ਦੋਵੇਂ ਰਿਸ਼ਤੇਦਾਰ ਸਨ। ਦੋਵਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਇਸ ਫੈਸਲੇ ਤੋਂ ਨਾਰਾਜ਼ ਸਨ। ਫਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੋਵਾਂ ਦੀ ਪਛਾਣ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਜਾਂਚ ਅਧਿਕਾਰੀ ਮੁਤਾਬਕ ਕਤਲ ਕਿਸਨੇ ਅਤੇ ਕਿਉਂ ਕੀਤਾ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਆਸਪਾਸ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।