ਨਵੀਂ ਦਿੱਲੀ 11ਅਗਸਤ (ਵਿਸ਼ਵ ਵਾਰਤਾ): ਅਮਰੀਕੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ( HINDENBURG RESEARCH)ਨੇ ਕਿਹਾ ਕਿ ਭਾਰਤ ‘ਚ ਜਲਦ ਹੀ ਕੁਝ ਵੱਡਾ ਹੋਣ ਵਾਲਾ ਹੈ। ਹਾਲਾਂਕਿ, ਹਿੰਡਨਬਰਗ ਨੇ ਕਿਸੇ ਕੰਪਨੀ ਦਾ ਨਾਂ ਨਹੀਂ ਲਿਆ। ਹਿੰਡਨਬਰਗ ਰਿਸਰਚ ਨੇ ਸ਼ਨੀਵਾਰ ਨੂੰ ‘ਐਕਸ’ ‘ਤੇ ਲਿਖਿਆ ਕਿ ਭਾਰਤ ‘ਚ ਜਲਦ ਹੀ ਕੁਝ ਵੱਡਾ ਹੋਣ ਵਾਲਾ ਹੈ।
ਇਕ ਸਾਲ ਪਹਿਲਾਂ, ਕੰਪਨੀ ਨੇ ਅਡਾਨੀ ਸਮੂਹ ‘ਤੇ ਸਟਾਕ ਵਿਚ ਹੇਰਾਫੇਰੀ ਲਈ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਸੀ। 24 ਜਨਵਰੀ, 2023 ਨੂੰ, ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ‘ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਤੋਂ ਬਾਅਦ ਸਮੂਹ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਬਾਅਦ ਵਿੱਚ ਰਿਕਵਰੀ ਹੋ ਗਈ ਸੀ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਦੀਆਂ ਕੁਝ ਕੰਪਨੀਆਂ ਦੇ ਖਿਲਾਫ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਅਤੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਹੰਗਾਮੇ ਤੋਂ ਬਾਅਦ, ਸਟਾਕ ਮਾਰਕੀਟ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਇਸਦੀ ਜਾਂਚ ਕੀਤੀ। ਇਸ ਦੇ ਨਾਲ ਹੀ ਸੇਬੀ ਨੇ ਹਿੰਡਨਬਰਗ ਰਿਸਰਚ ਨੂੰ 46 ਪੰਨਿਆਂ ਦਾ ਕਾਰਨ ਦੱਸੋ ਨੋਟਿਸ ਵੀ ਭੇਜਿਆ ਹੈ। ਪਰ ਅਮਰੀਕੀ ਵਿੱਤੀ ਖੋਜ ਕੰਪਨੀ ਨੇ 1 ਜੁਲਾਈ 2024 ਨੂੰ ਇਸ ਦਾ ਜਵਾਬ ਦਿੰਦੇ ਹੋਏ ਸੇਬੀ ‘ਤੇ ਹੀ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ।