Haryana ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ
ਹਰਿਆਣਾ, 13 ਮਾਰਚ 2026 (ਵਿਸ਼ਵ ਵਾਰਤਾ): ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਹਰਿਆਣਾ ਮਹਿਲਾ ਕਮਿਸ਼ਨ ਦੇ ਸੰਮਨ ‘ਤੇ ਸ਼ੁੱਕਰਵਾਰ ਨੂੰ ਪੇਸ਼ ਨਹੀਂ ਹੋਏ। ਟਟੀਰੀ’ ਗਾਣੇ ਦੇ ਇਤਰਾਜ਼ਯੋਗ ਸ਼ਬਦਾਂ ਕਾਰਨ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ 6 ਮਾਰਚ ਨੂੰ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਉਨ੍ਹਾਂ ਦੀ ਤਰਫੋਂ ਪੇਸ਼ ਹੋਏ ਵਕੀਲਾਂ ਨੇ ਦਲੀਲ ਦਿੱਤੀ ਕਿ ਕਿਸੇ ਪ੍ਰੋਫੈਸ਼ਨਲ ਕਮਿਟਮੈਂਟ (ਪੇਸ਼ੇਵਰ ਰੁਝੇਵੇਂ) ਵਿੱਚ ਰੁੱਝੇ ਹੋਣ ਕਾਰਨ ਬਾਦਸ਼ਾਹ ਨਹੀਂ ਆ ਸਕੇ। ਉਨ੍ਹਾਂ ਕਮਿਸ਼ਨ ਤੋਂ ਹੋਰ ਸਮਾਂ ਮੰਗਿਆ ਗਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ 1 ਮਾਰਚ 2026 ਨੂੰ ਰਿਲੀਜ਼ ਹੋਏ ਬਾਦਸ਼ਾਹ ਦੇ ‘ਟਟੀਰੀ’ ਗਾਣੇ ਨੂੰ ਵਿਵਾਦ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਯੂਟਿਊਬ ਤੋਂ ਵੀ ਹਟਵਾ ਦਿੱਤਾ ਸੀ। ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਮਹਿਲਾ ਕਮਿਸ਼ਨ ਅਤੇ ਕਈ ਸਮਾਜਿਕ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਵਿਵਾਦ ਤੋਂ ਬਾਅਦ, ਬਾਦਸ਼ਾਹ ਨੇ ਇੱਕ ਵੀਡੀਓ ਜਾਰੀ ਕਰ ਕੇ ਮੁਆਫੀ ਵੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ “ਮੇਰੇ ਗੀਤ ਦੇ ਕੁਝ ਬੋਲਾਂ ਅਤੇ ਦ੍ਰਿਸ਼ਾਂ ਨੇ ਹਰਿਆਣਾ ਦੇ ਕੁਝ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਮੈਂ ਖੁਦ ਹਰਿਆਣਾ ਤੋਂ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ, ਮੈਨੂੰ ਹਰਿਆਣਾ ਦਾ ਪੁੱਤਰ ਸਮਝੋ।”
ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਸਿੰਗਰ ਦੇ ਵਕੀਲਾਂ ਨੂੰ ਕਿਹਾ ਹੈ ਕਿ ਸੰਮਨ ਬਾਦਸ਼ਾਹ ਦੇ ਖੁਦ ਹਾਜ਼ਰ ਹੋਣ ਲਈ ਜਾਰੀ ਕੀਤਾ ਗਿਆ ਹੈ। ਬਾਦਸ਼ਾਹ ਨੂੰ ਖੁਦ ਆਪਣੀ ਸਫਾਈ ਪੇਸ਼ ਕਰਨੀ ਪਵੇਗੀ। ਅੱਜ ਦੁਪਹਿਰ 3 ਵਜੇ ਤੱਕ ਜਾਂ ਤਾਂ ਬਾਦਸ਼ਾਹ ਖੁਦ ਆਪਣੀ ਸਫਾਈ ਦੇਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















