Haryana Election : ਅਰਵਿੰਦ ਕੇਜਰੀਵਾਲ ਅੱਜ ਆਉਣਗੇ ਹਰਿਆਣਾ, ਜਗਾਧਰੀ ‘ਚ ਕਰਨਗੇ ਰੋਡ ਸ਼ੋਅ
ਚੰਡੀਗੜ੍ਹ, 20ਸਤੰਬਰ(ਵਿਸ਼ਵ ਵਾਰਤਾ)Haryana Election : ਸ਼ਰਾਬ ਘੁਟਾਲੇ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਆ ਗਏ ਹਨ ਅਤੇ ਅੱਜ ਹਰਿਆਣਾ ਵਿੱਚ ਕੇਜਰੀਵਾਲ ਦੀ ਪਾਰਟੀ ਚੋਣ ਪ੍ਰਚਾਰ ਵਿੱਚ ਜਬਰਦਸਤ ਐਂਟਰੀ ਕਰਨ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਅੱਜ ਆਪਣਾ ਪਹਿਲਾ ਰੋਡ ਸ਼ੋਅ ਯਮੁਨਾਨਗਰ ਜ਼ਿਲ੍ਹੇ ਦੇ ਜਗਾਧਰੀ ਵਿਧਾਨ ਸਭਾ ਹਲਕੇ ‘ਚ ਕਰਨਗੇ ਅਤੇ ਇੱਥੋਂ ਹੀ ਕੇਜਰੀਵਾਲ ਦੀ ਅਗਵਾਈ ‘ਚ ਹਰਿਆਣਾ ‘ਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਤੇਜ਼ ਹੋਵੇਗੀ। ਜਗਾਧਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਡੱਬਵਾਲੀ, ਰਾਣੀਆ, ਭਿਵਾਨੀ, ਮਹਿਮ, ਪੁੰਦਰੀ, ਕਲਾਇਤ, ਰੇਵਾੜੀ, ਦਾਦਰੀ, ਅਸੰਧ, ਬੱਲਭਗੜ੍ਹ ਅਤੇ ਬਦਰਾ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਹਰਿਆਣਾ ਦੇ 11 ਜ਼ਿਲਿਆਂ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨਗੇ, ਜਿੱਥੇ ਉਨ੍ਹਾਂ ਦੇ 13 ਪ੍ਰੋਗਰਾਮ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਹਰਿਆਣਾ ਵਿੱਚ ਕੇਜਰੀਵਾਲ ਦੇ ਚੋਣ ਪ੍ਰਚਾਰ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪ੍ਰਮਾਤਮਾ ਦੀ ਕ੍ਰਿਪਾ ਅਤੇ ਲੋਕਾਂ ਦੀਆਂ ਅਰਦਾਸਾਂ ਨਾਲ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਹੁਣ ਅਰਵਿੰਦ ਕੇਜਰੀਵਾਲ ਹਰਿਆਣਾ ਵਿੱਚ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਅੱਜ ਹਰਿਆਣਾ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਗੇ।