ਕਾਂਗਰਸ ਨੇ Haryana ‘ਚ 66 ਉਮੀਦਵਾਰਾਂ ਦੇ ਨਾਮ ਕੀਤੇ ਤੈਅ ; ਆਪ ਨਾਲ ਗਠਜੋੜ ਦੀ ਤਸਵੀਰ ਅਜੇ ਨਹੀਂ ਹੋਈ ਸਾਫ
ਚੰਡੀਗੜ੍ਹ 4 ਸਤੰਬਰ (ਵਿਸ਼ਵ ਵਾਰਤਾ): Haryana ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਬੀਤੇ ਕੱਲ੍ਹ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਦੂਜੀ ਮੀਟਿੰਗ ਹੋਈ। ਮੰਗਲਵਾਰ ਰਾਤ ਨੂੰ ਹੋਈ ਸੀਈਸੀ ਦੀ ਬੈਠਕ ‘ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸੰਸਦ ਮੈਂਬਰ ਰਾਹੁਲ ਗਾਂਧੀ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਦੇ ਇੰਚਾਰਜ ਦੀਪਕ ਬਾਬਰੀਆ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਮੌਜੂਦ ਸਨ। ਮੀਟਿੰਗ ਤੋਂ ਬਾਅਦ ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਰੀਆ ਨੇ ਦੱਸਿਆ ਕਿ 41 ਸੀਟਾਂ ‘ਤੇ ਚਰਚਾ ਹੋਈ ਹੈ , ਜਿਸ ‘ਚੋਂ 32 ਸੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਲਿਆ ਗਿਆ ਹੈ। ਦੀਪਕ ਬਬਰੀਆ ਨੇ ਅੱਗੇ ਕਿਹਾ ਕਿ ਗਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ, ਦੋ-ਤਿੰਨ ਦਿਨਾਂ ‘ਚ ਤਸਵੀਰ ਸਪੱਸ਼ਟ ਹੋ ਜਾਵੇਗੀ। ਹੁਣ ਤੱਕ 66 ਸੀਟਾਂ ‘ਤੇ ਨਾਮ ਤੈਅ ਹੋ ਚੁੱਕੇ ਹਨ। ਵੀਰਵਾਰ ਤੱਕ ਸੂਚੀ ਜਾਰੀ ਹੋਣ ਦੀ ਉਮੀਦ ਹੈ। ਬਾਬਰੀਆ ਨੇ ਕਿਹਾ ਕਿ ਮੰਗਲਵਾਰ ਨੂੰ ਸੀਈਸੀ ਦੀ ਬੈਠਕ ‘ਚ 41 ਸੀਟਾਂ ‘ਤੇ ਚਰਚਾ ਹੋਈ, ਬੈਠਕ ‘ਚ ਵਿਨੇਸ਼ ਅਤੇ ਬਜਰੰਗ ਦੀ ਉਮੀਦਵਾਰੀ ‘ਤੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਜਾਂ ਬਜਰੰਗ ਪੂਨੀਆ ਦਾ ਨਾਂ ਇਨ੍ਹਾਂ ਵਿਚ ਸ਼ਾਮਲ ਨਹੀਂ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗਠਜੋੜ ਲਈ ਇੱਕ ਕਮੇਟੀ ਵੀ ਬਣਾਈ ਹੈ। ਇਹ ਕਮੇਟੀ ਕੇਸੀ ਵੇਣੂਗੋਪਾਲ ਦੀ ਨਿਗਰਾਨੀ ਹੇਠ ਬਣਾਈ ਗਈ ਹੈ। ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ, ਭੂਪੇਂਦਰ ਸਿੰਘ ਹੁੱਡਾ ਅਤੇ ਕਾਂਗਰਸ ਇੰਚਾਰਜ ਦੀਪਕ ਬਾਰੀਆ ਨੂੰ ਇਸ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ।