Guru Nanak’s Birth Anniversary : ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ ਅਤੇ ਸਮੁੱਚੀ ਵਿਸ਼ਵ ਵਾਰਤਾ ਟੀਮ ਵੱਲੋਂ ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥”
ਚੰਡੀਗੜ੍ਹ,15 ਨਵੰਬਰ (ਵਿਸ਼ਵ ਵਾਰਤਾ)- ਗੁਰੂ ਨਾਨਕ ਜੈਅੰਤੀ, ਜਿਸ ਨੂੰ ‘ਗੁਰਪੁਰਬ’, ‘ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ’ ਜਾਂ ‘ਗੁਰੂ ਨਾਨਕ ਆਗਮਨ ਦਿਵਸ’ ਵੀ ਕਿਹਾ ਜਾਂਦਾ ਹੈ ਤੇ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯–੨੨ ਸਿਤੰਬਰ ੧੫੩੯) ਸਿੱਖ ਧਰਮ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਹਨ। ਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ, ਜੋ ਕਿ ਪਾਕਿਸਤਾਨ ਦੇ ਸ਼ੇਖੂਪੁਰੇ ਜਿਲ੍ਹੇ ਵਿੱਚ ਹੈ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੀ ਇਕ ਵੱਡੀ ਭੈਣ ਸੀ, ਜਿਸਦਾ ਨਾਂ ਬੇਬੇ ਨਾਨਕੀ ਸੀ। ਬੇਬੇ ਨਾਨਕੀ ਹਮੇਸ਼ਾਂ ਹੀ ਆਪ ਜੀ ਨੂੰ ਪਰਮੇਸ਼ਵਰ ਦਾ ਰੂਪ ਜਾਣ ਕੇ ਮੰਨਿਆ। ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਨਿਵਾਸੀ ਜੈ ਰਾਮ ਨਾਲ ਹੋਇਆ, ਜੋ ਕਿ ਦੌਲਤ ਖਾਂ ਲੋਧੀ ਪਾਸ ਨੌਕਰੀ ਕਰਦੇ ਸਨ।
ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ। ੧੫੦੪ ਵਿੱਚ ਉਹ ਬੀਬੀ ਨਾਨਕੀ ਜੀ ਨਾਲ ਸੁਲਤਾਨ ਪੁਰ ਲੋਧੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕੁਝ ਚਿਰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਉਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਵੀ ਕੀਤੀਆਂ। ਉਨ੍ਹਾਂ ਨੇ ਕੁਲ ੯੪੭ ਸ਼ਬਦਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਜਪੁ ਜੀ ਸਾਹਿਬ, ਸਿਧ ਗੋਸਟਿ, ਆਸਾ ਦੀ ਵਾਰ, ਦੱਖਣੀ ਓਅੰਕਾਰ ਆਦਿ ਹਨ।
ਪ੍ਰਸਿੱਧ ਪਰੰਪਰਾ ਦੁਆਰਾ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ
1. ਵੰਡ ਛਕੋ : ਜੋ ਕੁਝ ਵੀ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਉਹ ਦੂਜਿਆਂ ਨਾਲ ਸਾਂਝਾ ਕਰਨਾ ਤੇ ਲੋੜਵੰਦਾਂ ਦੀ ਮਦਦ ਕਰਨਾ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਉਮਰ ਪ੍ਰਚਾਰਿਆ। ਇਹ ਸਿੱਖ ਧਰਮ ਦੇ ਸਿਧਾਂਤਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਨਾਲ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਲੋੜਵੰਦਾਂ ਨਾਲ ਸਾਂਝਾ ਕਰੋ ਤੇ ਫਿਰ ਸੇਵਨ ਕਰੋ।
2. ਕਿਰਤ ਕਰੋ: ਭਾਵ, ਇਮਾਨਦਾਰੀ ਨਾਲ ਜੀਵਨ ਬਤੀਤ ਕਰੋ। ਸਵੈ-ਖੁਸ਼ੀ ਦਾ ਆਨੰਦ ਲੈਣ ਲਈ ਕਿਸੇ ਨੂੰ ਦੂਜਿਆਂ ਦਾ ਸ਼ੋਸ਼ਣ ਨਹੀਂ ਕਰਨਾ ਚਾਹੀਦਾ। ਬਿਨਾਂ ਧੋਖੇ ਦੇ ਕਮਾਈ ਕਰਨਾ ਤੇ ਲਗਨ ਨਾਲ ਕੰਮ ਕਰਨਾ ਉਹੀ ਹੈ ਜਿਸਦਾ ਉਹਨਾਂ ਨੇ ਪ੍ਰਚਾਰ ਕੀਤਾ।
3. ਨਾਮ ਜਪੋ: ‘ਸੱਚੇ ਰੱਬ’ ਦਾ ਨਾਮ ਜਪੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਬੁਰਾਈਆਂ- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਾਵ ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ ‘ਤੇ ਕਾਬੂ ਪਾਉਣ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ‘ਤੇ ਜ਼ੋਰ ਦਿੱਤਾ।
ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਜਿਹੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਗੁਰੂ ਜੋਤ ਦਾ ਪ੍ਰਕਾਸ਼ ਆਪਣੇ ਅਨਿੰਨ ਸੇਵਕ ਭਾਈ ਲਹਿਣਾ ਨੂੰ ਆਪਣਾ ਅੰਗ ਜਾਣਦੇ ਹੋਏ, ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਪ੍ਰਗਟ ਕੀਤਾ ਅਤੇ ਉਨਾਂ ਨੂੰ ਦੂਜੇ ਗੁਰੂ ਹੋਣ ਦਾ ਮਾਣ ਬਖਸ਼ਦਿਆਂ ਗੁਰਤਾ ਗੱਦੀ ਦਾ ਵਾਰਿਸ ਥਾਪਿਆ। ਇਸ ਤੋਂ ਉਪਰੰਤ 1539 ਈ: ਵਿਚ ਕਰਤਾਰਪੁਰ ਸਾਹਿਬ ਵਿਚ ਹੀ ਜੋਤੀ-ਜੋਤ ਸਮਾ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/