ਨਵੀਂ ਦਿੱਲੀ 17ਜੂਨ (ਵਿਸ਼ਵ ਵਾਰਤਾ) ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ (Gurpatwant Pannu) ਦੇ ਕਤਲ ਦੀ ਕਥਿਤ ਸਾਜਿਸ਼ ਘੜਨ ਵਾਲੇ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੀ ਪੁਲਿਸ ਵੱਲੋਂ ਅਮਰੀਕਾ ਦੇ ਹਵਾਲੇ ਕਰਨ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਨਿਖਿਲ ਗੁਪਤਾ ਨੂੰ 16 ਜੂਨ ਨੂੰ ਅਮਰੀਕਾ ਦੇ ਗਰੁੱਪਲੇਨ ਸਥਿਤ ਡਿਟੈਂਸ਼ਨ ਸੈਂਟਰ ਦੇ ਵਿੱਚ ਲਿਆਂਦਾ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਉਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਨਿਖਿਲ ਨੂੰ ਚੈੱਕ ਗਣਰਾਜ ਦੀ ਪੁਲਿਸ ਨੇ 30 ਜੂਨ 2023 ਨੂੰ ਅਮਰੀਕੀ ਏਜੰਸੀ ਦੀ ਜਾਣਕਾਰੀ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਨਿਖਿਲ ਗੁਪਤਾ ਨੇ ਉਸ ਦੀ ਅਮਰੀਕਾ ਨੂੰ ਹਵਾਲਗੀ ਤੇ ਰੋਕ ਲਗਾਉਣ ਦੇ ਲਈ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ। ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਦਾ ਰਸਤਾ ਵੀ ਸਾਫ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਉਸਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈI